ਸ੍ਰੀਨਗਰ, 10 ਅਕਤੂਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਜਦੋਂ ਸੁਰੱਖਿਆ ਬਲਾਂ ਨੇ ਐਤਵਾਰ ਰਾਤ ਦੱਖਣੀ ਕਸ਼ਮੀਰ ਦੇ ਤੰਗਪਾਵਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਤਾਂ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਦੋ ਅਤਿਵਾਦੀ ਮਾਰੇ ਗਏ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਦੋਵੇਂ ਅਤਿਵਾਦੀ ਲਸ਼ਕਰ-ਏ-ਤਇਬਾ ਨਾਲ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਆਰਮੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਏਕੇ ਰਾਈਫਲਾਂ ਅਤੇ ਹੋਰ ਅਸਲਾ ਬਰਾਮਦ ਹੋਇਆ ਹੈ। -ਪੀਟੀਆਈ
ਮੁਕਾਬਲੇ ਵਿੱਚ ਫੌਜ ਦਾ ‘ਜ਼ੂਮ’ ਬੁਰੀ ਤਰ੍ਹਾਂ ਜ਼ਖ਼ਮੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਫ਼ੌਜ ਨਾਲ ਜੁੜਿਆ ਕੁੱਤਾ ਜ਼ੂਮ ਵੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ੂਮ ਦੱਖਣੀ ਕਸ਼ਮੀਰ ਦੇ ਕਈ ਅਪਰੇਸ਼ਨਾਂ ਵਿੱਚ ਸ਼ਾਮਲ ਰਿਹਾ ਹੈ। ਉਸ ਨੂੰ ਅਤਿਵਾਦੀਆਂ ਦੀ ਛੁਪਣਗਾਹ ਦੇਖਣ ਦਾ ਕੰਮ ਸੌਂਪਿਆ ਗਿਆ ਸੀ। ਮੁਕਾਬਲੇ ਦੌਰਾਨ ਜ਼ੂਮ ਨੂੰ ਦੋ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜ਼ੂਮ ਨੇ ਅਤਿਵਾਦੀਆਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਹਮਲਾ ਕੀਤਾ ਸੀ। ਉਹ ਅਤਿਵਾਦੀਆਂ ਨਾਲ ਸੰਘਰਸ਼ ਕਰਦਾ ਰਿਹਾ, ਜਿਸ ਦੇ ਨਤੀਜੇ ਵਜੋਂ ਦੋਵੇਂ ਅਤਿਵਾਦੀ ਮਾਰੇ ਗਏ। ਜ਼ੂਮ ਨੂੰ ਫ਼ੌਜ ਦੇ ਵੈਟਰਨਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। -ਪੀਟੀਆਈ