ਕੁਲਵਿੰਦਰ ਕੌਰ ਦਿਓਲ
ਰਾਮਪੁਰ/ਫਰੀਦਾਬਾਦ, 4 ਫਰਵਰੀ
ਗਣਤੰਤਰ ਦਿਵਸ ਮੌਕੇ ਕਿਸਾਨ ਗਣਤੰਤਰ ਪਰੇਡ ਦੌਰਾਨ ‘ਸ਼ਹੀਦ’ ਹੋਏ ਰੁਦਰਪੁਰ (ਸ਼ਹੀਦ ਊਧਮ ਸਿੰਘ ਨਗਰ) ਦੇ ਨੇੜਲੇ ਪਿੰਡ ਡਬਿਡਬਿਾ ਦੇ ਨੌਜਵਾਨ ਕਿਸਾਨ ਨਵਰੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਕਿਸਾਨ ਆਗੂ ਵੀ ਉਸ ਦੇ ਜੱਦੀ ਪਿੰਡ ਪਹੁੰਚੇ। ਇਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ, ਨਿਰਭੈਅ ਸਿੰਘ ਢੁੱਡੀਕੇ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਧਨੇੇਰ, ਗੁਰਨਾਮ ਸਿੰਘ ਚੜੂਨੀ, ਰਾਕੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ, ਤਰਾਈ ਕਿਸਾਨ ਸੰਗਠਨ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਆਦਿ ਸ਼ਾਮਲ ਹਨ। ਕਿਸਾਨ ਆਗੂਆਂ ਨੇ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੰਗ ਕੀਤੀ ਕਿ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਹੋਰ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਵਰੀਤ ਫਾਊਂਡੇਸ਼ਨ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਦੀ ਮੌਤ ਦੀ ਨਿਆਇਕ ਜਾਂਚ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ 27 ਵਰ੍ਹਿਆਂ ਦੇ ਨਵਰੀਤ ਸਿੰਘ ਦੀ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ ਸੀ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਾਸ਼ਟਰੀ ਲੋਕ ਦਲ ਦੇ ਆਗੂ ਜੈਯੰਤ ਚੌਧਰੀ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸੰਸਦ ਮੈਂਬਰ ਰਾਸ਼ਿਦ ਅਲਵੀ, ਸਮਾਜਵਾਦੀ ਪਾਰਟੀ ਆਗੂ ਗੋਵਿੰਦ ਚੌਧਰੀ, ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਸਮੇਤ ਹੋਰਾਂ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ। ਨਾਨਕਮਤੇ ਦੀ ਗੁਰਦੁਆਰਾ ਕਮੇਟੀ ਅਤੇ ਸਥਾਨਕ ਕਸਬਿਆਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਵੀ ਸ਼ੋਕ ਸੰਦੇਸ਼ ਭੇਜੇ ਗਏ। ਸਿੰਘੂ ਬਾਰਡਰ ’ਤੇ ਸਤਨਾਮ ਸਿੰਘ ਅਤੇ ਸਰਵਣ ਸਿੰਘ ਨੇ ਕਿਹਾ,‘‘ਅੰਦੋਲਨ ’ਚ ਸ਼ਹੀਦ ਨਵਰੀਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਮੰਗਾਂ ਦੀ ਪੂਰਤੀ ਤੱਕ ਅੰਦੋਲਨ ਨੂੰ ਜਾਰੀ ਰੱਖਿਆ ਜਾਵੇਗਾ। ਇਸ ਅੰਦੋਲਨ ਨੂੰ ਜਿੱਤ ਕੇ ਅਸੀਂ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰਾਂਗੇ।’’ ਉਨ੍ਹਾਂ ਕਿਹਾ ਕਿ ਸਮੁੱਚੇ ਹਰਿਆਣਾ ਅਤੇ ਪੰਜਾਬ ਤੋਂ ਲੈ ਕੇ ਕੌਮਾਂਤਰੀ ਪੱਧਰ ’ਤੇ ਮਿਲ ਰਿਹਾ ਸਮਰਥਨ ਜਨ ਅੰਦੋਲਨ ਦਾ ਸਬੂਤ ਹਨ। ਸ਼ਾਮ ਨੂੰ ਕਿਸਾਨਾਂ ਨੇ ਕੈਂਡਲ ਮਾਰਚ ਵੀ ਕੀਤਾ।
ਨਵਰੀਤ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ: ਪ੍ਰਿਯੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਨਵਰੀਤ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਿਰਕਤ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨਾਲ ਦੁਪਹਿਰ ਵੇਲੇ ਨਵਰੀਤ ਦੇ ਜੱਦੀ ਪਿੰਡ ਡਬਿਡਬਿਾ ਪਹੁੰਚੀ। ਬਾਅਦ ’ਚ ਪ੍ਰਿਯੰਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਰੀਤ ਸਿੰਘ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ,‘‘ਪੂਰਾ ਮੁਲਕ ਪਰਿਵਾਰ ਨਾਲ ਹੈ। ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਨੂੰ ਗਲਤ ਦਰਸਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਦਹਿਸ਼ਤਗਰਦ ਪ੍ਰਚਾਰਨਾ ਮਨਜ਼ੂਰ ਨਹੀਂ ਹੈ।’’ ਪ੍ਰਿਯੰਕਾ ਨੇ ਕਿਹਾ ਕਿ ਜਿਹੜੇ ਆਗੂ ਗਰੀਬਾਂ, ਕਿਸਾਨਾਂ ਅਤੇ ਦੇਸ਼ਵਾਸੀਆਂ ਦਾ ਦਰਦ ਨਹੀਂ ਸੁਣ ਸਕਦੇ, ਉਨ੍ਹਾਂ ਦੀ ਕੋਈ ਲੋੜ ਨਹੀਂ ਹੈ। ‘ਜਿਹੜੇ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਨੂੰ ਅਤਿਵਾਦੀ ਅਤੇ ਨਕਸਲੀ ਦੱਸਿਆ ਜਾਂਦਾ ਹੈ। ਪਰ ਸਰਕਾਰ ਨੇ ਕਦੇ ਵੀ ਨਹੀਂ ਆਖਿਆ ਕਿ ਕਿਸਾਨ ਆ ਕੇ ਆਪਣਾ ਦਰਦ ਦੱਸਣ।’ ਕਾਂਗਰਸ ਆਗੂ ਨੇ ਕਿਹਾ ਕਿ ਇਹ ਮੌਕਾ ਭਾਵੇਂ ਸਿਆਸੀ ਗੱਲਬਾਤ ਕਰਨ ਦਾ ਨਹੀਂ ਹੈ ਪਰ ਅਜਿਹੇ ‘ਜ਼ੁਲਮ’ ਸਹਿਣ ਨਹੀਂ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਜਦੋਂ ਪ੍ਰਿਯੰਕਾ ਦਾ ਕਾਫ਼ਲਾ ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ’ਚ ਰਾਜਮਾਰਗ ’ਤੇ ਜਾ ਰਿਹਾ ਸੀ ਤਾਂ ਤਿੰਨ-ਚਾਰ ਵਾਹਨ ਆਪਸ ’ਚ ਭਿੜ ਗਏ। ਹਾਦਸੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਪ੍ਰਿਯੰਕਾ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਆਪਣੇ ਐੱਸਯੂਵੀ ਵਾਹਨ ਦੇ ਮੂਹਰਲੇ ਸ਼ੀਸ਼ੇ ਨੂੰ ਸਾਫ਼ ਕਰਦੀ ਨਜ਼ਰ ਆ ਰਹੀ ਹੈ। ਹਲਕੀ ਵਰਖਾ ਕਾਰਨ ਡਰਾਈਵਰ ਨੂੰ ਦਿਸਣਾ ਬੰਦ ਹੋ ਗਿਆ ਸੀ ਜਿਸ ਕਾਰਨ ਸੜਕ ਕੰਢੇ ਵਾਹਨ ਰੋਕ ਕੇ ਗੱਡੀ ਦੇ ਸ਼ੀਸ਼ੇ ਸਾਫ਼ ਕੀਤੇ ਗਏ।