ਭੱਦਰਵਾਹ/ਜੰਮੂ, 6 ਜੂਨ
ਡੋਡਾ ਜ਼ਿਲ੍ਹੇ ਦੇ ਭਗਵਾਨ ਵਾਸੂਕੀ ਨਾਗ ਮੰਦਿਰ ’ਚ ਕਥਿਤ ਭੰਨ-ਤੋੜ ਦੇ ਸਬੰਧ ’ਚ ਪੁਲੀਸ ਨੇ ਭੱਦਰਵਾਹ ਪੁਲੀਸ ਸਟੇਸ਼ਨ ’ਚ ਕੇਸ ਦਰਜ ਕੀਤਾ ਹੈ। ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਭੰਨ-ਤੋੜ ਖ਼ਿਲਾਫ਼ ਪ੍ਰਦਰਸ਼ਨ ਵੀ ਹੋਏ ਹਨ। ਪੁਲੀਸ ਉਸ ਸਮੇਂ ਹਰਕਤ ’ਚ ਆਈ ਜਦੋਂ ਮੰਦਿਰ ’ਚ ਭੰਨ-ਤੋੜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ 17400 ਫੁੱਟ ਕੈਲਾਸ਼ ਕੁੰਡ ’ਤੇ ਸਥਿਤ ਮੰਦਿਰ ’ਚ ਤੱਥਾਂ ਦਾ ਪਤਾ ਲਾਉਣ ਲਈ ਟੀਮਾਂ ਭੇਜ ਦਿੱਤੀਆਂ ਹਨ। ਕੁਝ ਸੰਵੇਦਨਸ਼ੀਲ ਇਲਾਕਿਆਂ ’ਚ ਪੁਲੀਸ ਦੀ ਵਾਧੂ ਨਫ਼ਰੀ ਤਾਇਨਾਤ ਕੀਤੀ ਗਈ ਹੈ। ਭੱਦਰਵਾਹ ’ਚ ਅੱਜ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਲੋਕਾਂ ਨੇ ਕਈ ਇਲਾਕਿਆਂ ’ਚ ਪ੍ਰਦਰਸ਼ਨ ਕਰਦਿਆਂ ਰਾਹ ਰੋਕ ਦਿੱਤੇ ਸਨ ਪਰ ਡੋਡਾ ਦੇ ਡੀਸੀ ਵਿਕਾਸ ਸ਼ਰਮਾ ਅਤੇ ਐੱਸਐੱਸਪੀ ਅਬਦੁੱਲ ਕਯੂਮ ਵੱਲੋਂ ਦੋਸ਼ੀਆ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਮਗਰੋਂ ਉਨ੍ਹਾਂ ਰਾਹ ਖੋਲ੍ਹ ਦਿੱਤੇ। -ਪੀਟੀਆਈ