ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਵੱਲੋਂ ਅਕਤੂਬਰ ਵਿੱਚ ਉੱਤਰਾਖੰਡ ਦੇ ਔਲੀ ’ਚ ਦੋ ਹਫ਼ਤਿਆਂ ਲਈ ਫ਼ੌਜੀ ਅਭਿਆਸ ਕੈਂਪ ਲਾਇਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ‘ਯੁੱਧ ਅਭਿਆਸ’ ਦਾ 18ਵਾਂ ਅਡੀਸ਼ਨ 14 ਤੋਂ 31 ਅਕਤੂਬਰ ਤੱਕ ਚੱਲੇਗਾ। ਇਸ ਦਾ 17ਵਾਂ ਅਡੀਸ਼ਨ ਅਕਤੂਬਰ 2021 ਵਿੱਚ ਅਮਰੀਕਾ ਦੇ ਅਲਾਸਕਾ ਵਿੱਚ ਕਰਵਾਇਆ ਗਿਆ ਸੀ। ਸੂਤਰਾਂ ਅਨੁਸਾਰ ਅਭਿਆਸ ਦਾ ਉਦੇਸ਼ ਭਾਰਤ ਅਤੇ ਅਮਰੀਕੀ ਫ਼ੌਜਾਂ ਵਿਚਾਲੇ ਸਮਝ ਤੇ ਸਹਿਯੋਗ ਵਧਾਉਣਾ ਹੈ। ਇਹ ‘ਯੁੱਧ ਅਭਿਆਸ’ ਪੂਰਬੀ ਲੱਦਾਖ ਵਿੱਚ ਭਾਰਤ ਦੇ ਚੀਨ ਨਾਲ ਚੱਲ ਰਹੇ ਟਕਰਾਅ ਦੇ ਪਿਛੋਕੜ ’ਚ ਹੋ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਭਾਰਤ ਅਤੇ ਅਮਰੀਕੀ ਫ਼ੌਜ ਵਿਚਾਲੇ ਸਬੰਧ ਮਜ਼ਬੂਤ ਹੋ ਰਹੇ ਹਨ। ਜੂਨ 2016 ਵਿੱਚ ਅਮਰੀਕਾ ਨੇ ਭਾਰਤ ਨੂੰ ‘ਮੁੱਖ ਰੱਖਿਆ ਸਾਥੀ’ ਕਰਾਰ ਦਿੱਤਾ ਸੀ। -ਪੀਟੀਆਈ