ਸ੍ਰੀਨਗਰ, 3 ਅਪਰੈਲ
ਥਲ ਸੈਨਾ ਨੇ ਜੁਲਾਈ 2020 ਵਿੱਚ ਦੱਖਣੀ ਕਸ਼ਮੀਰ ਦੇ ਅਮਸ਼ੀਪੁਰਾ ਵਿੱਚ ਫ਼ਰਜ਼ੀ ਮੁਕਾਬਲੇ ਵਿੱਚ ਤਿੰਨ ਨੌਜਵਾਨਾਂ ਦੀ ਹੱਤਿਆ ਮਾਮਲੇ ਵਿੱਚ ਫੌਜ ਦੇ ਕੈਪਟਨ ਭੁਪੇਂਦਰ ਸਿੰਘ ਖ਼ਿਲਾਫ਼ ਜਨਰਲ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੋਰਟ ਆਫ ਇਨਕੁਆਇਰੀ ਵਿੱਚ ਸਾਹਮਣੇ ਆਇਆ ਕਿ ਇਸ ਅਧਿਕਾਰੀ ਨੇ ਅਫਸਪਾ ਤਹਿਤ ਮਿਲੀਆ ਤਾਕਤਾਂ ਦੀ ਦੁਰਵਰਤੋਂ ਕੀਤੀ ਹੈ। ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਰਹਿਣ ਵਾਲੇ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਨੂੰ 18 ਜੁਲਾਈ 2020 ਨੂੰ ਸ਼ੋਪੀਆਂ ਜ਼ਿਲ੍ਹੇ ਦੇ ਦੂਰ-ਦੁਰਾਡੇ ਪਹਾੜੀ ਪਿੰਡ ਵਿੱਚ ਅਤਿਵਾਦੀ ਕਰਾਰ ਦੇ ਕੇ ਮਾਰਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਹੱਤਿਆਵਾਂ ਬਾਰੇ ਸ਼ੰਕੇ ਖੜ੍ਹੇ ਕਰਨ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਸੀ।