ਨਵੀਂ ਦਿੱਲੀ, 21 ਸਤੰਬਰ
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਰਾਜਸਥਾਨ/ਗੁਜਰਾਤ ਹੱਦ ਤੋਂ ਐੱਨਐੱਚ-754ਏ ਦੇ ਸੰਤਾਲਪੁਰ ਖੇਤਰ ਤੱਕ ਛੇ ਮਾਰਗੀ ਨਵੇਂ ਰਾਜਮਾਰਗ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਹ ਸੜਕੀ ਟੁਕੜਾ ਭਾਰਤਮਾਲਾ ਪ੍ਰਾਜੈਕਟ ਗੇੜ-1 ਤਹਿਤ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਲਾਂਘੇ ਦਾ ਹਿੱਸਾ ਹੈ ਅਤੇ ਇਸ ਨੂੰ 2030 ਕਰੋੜ ਰੁਪਏ ਦੀ ਪ੍ਰਾਜੈਕਟ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਲਗਾਤਾਰ ਟਵੀਟ ਵਿੱਚ ਗਡਕਰੀ ਨੇ ਕਿਹਾ ਕਿ ਇੱਕ ਵਾਰ ਪ੍ਰਾਜੈਕਟ ਪੂਰਾ ਹੋਣ ਮਗਰੋਂ ਇਸ ਮਾਰਗ ’ਤੇ ਯਾਤਰਾ ਦਾ ਸਮਾਂ ਦੋ ਘੰਟੇ ਘੱਟ ਹੋ ਜਾਵੇਗਾ ਅਤੇ ਸਫ਼ਰ ਦੀ ਦੂਰੀ ਵੀ 60 ਕਿਲੋਮੀਟਰ ਘੱਟ ਹੋ ਜਾਵੇਗੀ। ਮੰਤਰੀ ਨੇ ਕਿਹਾ ਕਿ ਇਹ ਮਾਰਗ ਸਰਹੱਦੀ ਬਲਾਂ/ਹਥਿਆਰਬੰਦ ਬਲਾਂ/ਫ਼ੌਜੀ ਵਾਹਨਾਂ ਦੀ ਪਹੁੰਚ ਆਸਾਨ ਬਣਾਉਣ ਵਿੱਚ ਮਦਦ ਕਰੇਗਾ ਕਿਉਂਕਿ ਇਹ ਭਾਰਤ-ਪਾਕਿਸਤਾਨ ਸਰਹੱਦ ਦੇ ਕਾਫ਼ੀ ਨਜ਼ਦੀਕ ਹੈ। -ਪੀਟੀਆਈ