ਜੰਮੂ, 20 ਸਤੰਬਰ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਇੱਥੇ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਘੁਸਪੈਠ ਅਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰਕੇ ਹੈਰੋਇਨ ਦੇ 62 ਪੈਕੇਟ, ਦੋ ਪਿਸਤੌਲ, ਤਿੰਨ ਮੈਗਜ਼ੀਨ ਤੇ ਸੌ ਕਾਰਤੂਸ ਬਰਾਮਦ ਕੀਤੇ ਹਨ।
ਬੀਐੱਸਐੱਫ ਦੇ ਜੰਮੂ ਫਰੰਟੀਅਰ ਦੇ ਆਈ ਜੀ ਐੱਨਐੱਸ ਜਾਮਵਾਲ ਨੇ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਨੇ 19 ਤੇ 20 ਸਤੰਬਰ ਦੀ ਦਰਮਿਆਨੀ ਰਾਤ ਨੂੰ ਆਰਐੱਸ ਪੁਰਾ ਸੈਕਟਰ ਦੇ ਅਰਨੀਆ ਇਲਾਕੇ ’ਚ ਘੁਸਪੈਠ ਤੇ ਤਸਕਰੀ ਦੀ ਕੋਸ਼ਿਸ਼ ਕੀਤੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਧਵਰ ਤੇ ਬੁੱਲੇਚਕ ਸਰਹੱਦੀ ਚੌਕੀਆਂ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਰਾਤ ਦੋ ਵਜੇ ਦੇ ਕਰੀਬ ਤਿੰਨ-ਚਾਰ ਵਿਅਕਤੀ ਦੀ ਕੁਝ ਹਲਚਲ ਦੇਖੀ। ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਲਲਕਾਰਿਆ ਤਾਂ ਉਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ। ਅੱਜ ਸਵੇਰੇ ਤਾਲਾਸ਼ੀ ਦੌਰਾਨ ਮੌਕੇ ਤੋਂ ਹੈਰੋਇਨ ਦੇ 62 ਪੈਕੇਟ ਜਿਨ੍ਹਾਂ ’ਚੋਂ ਹਰੇਕ ਦਾ ਵਜ਼ਨ ਇੱਕ ਕਿਲੋ ਹੈ, ਦੋ ਚੀਨੀ ਪਿਸਤੌਲ, ਤਿੰਨ ਮੈਗਜ਼ੀਨ ਤੇ ਸੌ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਤਸਕਰਾਂ ਨੇ ਇਹ ਸਾਰੀ ਸਮੱਗਰੀ ਪੀਵੀਸੀ ਪਾਈਪ ’ਚ ਪਾ ਕੇ ਕੱਪੜੇ ’ਚ ਬੰਨ੍ਹੀ ਹੋਈ ਸੀ। ਆਈਜੀ ਨੇ ਕਿਹਾ ਕਿ ਪਾਕਿਸਤਾਨ ’ਚ ਅਤਿਵਾਦੀ ਢਾਂਚਾ ਅਜੇ ਵੀ ਕਾਇਮ ਹੈ ਅਤੇ ਡਰੋਨ ਦੀ ਮਦਦ ਨਾਲ ਭਾਰਤੀ ਇਲਾਕੇ ’ਚ ਸੁੱਟੇ ਜਾ ਰਹੇ ਹਥਿਆਰ ਸੁਰੱਖਿਆ ਬਲਾਂ ਲਈ ਨਵੀਂ ਚੁਣੌਤੀ ਹਨ। ਆਰਐੱਸ ਪੁਰਾ ਦੇ ਅਰਨੀਆ ਸੈਕਟਰ ’ਚ ਹੈਰੋਇਨ ਤੇ ਹਥਿਆਰ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਕਿਹਾ, ‘ਅਸੀਂ ਪੂਰੀ ਤਰ੍ਹਾਂ ਚੌਕਸ ਹਾਂ ਤੇ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਾਂ।’ -ਪੀਟੀਆਈ