ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਕਸ਼ਮੀਰ ਦੀਆਂ ਸਿੱਖ ਕੁੜੀਆਂ ਅਗਵਾ ਕਰ ਕੇ ਧਰਮ ਪਰਿਵਰਤਨ ਮਗਰੋਂ ਉਨ੍ਹਾਂ ਦਾ ਜਬਰੀ ਨਿਕਾਹ ਕਰਨ ਦਾ ਮਾਮਲਾ ਚੁੱਕਿਆ।
ਸ੍ਰੀ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਫੋਨ ’ਤੇ ਹੋਈ ਗੱਲਬਾਤ ਦੌਰਾਨ ਸ੍ਰੀ ਸ਼ਾਹ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਕਿ ਕਿਵੇਂ ਕਸ਼ਮੀਰ ਦੀ ਬਹੁ-ਗਿਣਤੀ ਵੱਲੋਂ ਘੱਟ ਗਿਣਤੀ ਸਿੱਖਾਂ ਦੀਆਂ ਲੜਕੀਆਂ ਅਗਵਾ ਕਰ ਕੇ, ਧਰਮ ਪਰਿਵਰਤਨ ਕਰ ਕੇ ਉਨ੍ਹਾਂ ਦਾ ਨਿਕਾਹ 45 ਤੋਂ 60 ਸਾਲ ਦੇ ਬੁੱਢਿਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਸ਼ਾਹ ਨੇ ਭਰੋਸਾ ਦਿਵਾਇਆ ਕਿ ਉਹ ਸਾਰੇ ਹਾਲਾਤ ਦੀ ਆਪ ਨਿਗਰਾਨੀ ਰੱਖ ਰਹੇ ਹਨ। ਉਨ੍ਹਾਂ ਨੇ ਕੱਲ੍ਹ ਹੀ ਸੂਬੇ ਦੇ ਉਪ ਰਾਜਪਾਲ ਤੋਂ ਕੇਸਾਂ ਦੇ ਵੇਰਵੇ ਪ੍ਰਾਪਤ ਕਰ ਲਏ ਸਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਾਦੀ ਵਿਚ ਸਿੱਖ ਕੁੜੀਆਂ ਛੇਤੀ ਹੀ ਪਰਿਵਾਰਾਂ ਕੋਲ ਪਰਤ ਆਉਣਗੀਆਂ। ਸ੍ਰੀ ਸਿਰਸਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਤੋਂ ਸਿੱਖਾਂ ਦੇ ਵਫ਼ਦ ਨੂੰ ਜ਼ਮੀਨੀ ਹਾਲਾਤ ਦੀ ਜਾਣਕਾਰੀ ਦੇਣ ਵਾਸਤੇ ਜਲਦੀ ਹੀ ਮੀਟਿੰਗ ਵਾਸਤੇ ਸੱਦਿਆ ਹੈ।
ਇਸ ਦੌਰਾਨ ਸ੍ਰੀ ਸਿਰਸਾ ਦੀ ਅਗਵਾਈ ਹੇਠ ਵਫ਼ਤ ਵੱਲੋਂ ਸੂਬੇ ਦੇ ਡੀਜੀਪੀ ਦਿਲਬਾਗ ਸਿੰਘ ਨੂੰ ਮਿਲ ਕੇ ਉਨ੍ਹਾਂ ਨੁੰ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਗਈ। ਮੀਟਿੰਗ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ ਡੀਜੀਪੀ ਨੇ ਵੀ ਨੁੰ ਭਰੋਸਾ ਦਿਵਾਇਆ ਹੈ ਕਿ ਸਿੱਖ ਬੱਚੀਆਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਸ੍ਰੀ ਸਿਰਸਾ ਨੇ ਕਸ਼ਮੀਰ ਦੇ ਸਿਆਸੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਦੋ ਸਿੱਖ ਕੁੜੀਆਂ ਅਗਵਾ ਕਰਨ ਦੇ ਮਾਮਲੇ ’ਤੇ ਆਪਣੀ ਚੁੱਪੀ ਤੋੜਨ। ਸ੍ਰੀ ਸਿਰਸਾ ਨੇ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ। ਇਸੇ ਦੌਰਾਨ ਜਾਗੋ ਪਾਰਟੀ ਵੱਲੋਂ ਦਿੱਲੀ ਦੇ ਜੰਮੂ-ਕਸ਼ਮੀਰ ਭਵਨ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ।
ਕੇਂਦਰ ਸਰਕਾਰ ਸਿੱਖ ਲੜਕੀ ਦੇ ਨਿਕਾਹ ਮਾਮਲੇ ’ਚ ਦਖ਼ਲ ਦੇਵੇ: ਬਡੂੰਗਰ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀਨਗਰ ਵਿੱਚ ਸਿੱਖ ਧਰਮ ਨਾਲ ਸਬੰਧਤ ਲੜਕੀ ਦਾ ਕਿਸੇ ਹੋਰ ਭਾਈਚਾਰੇ ਵੱਲੋਂ ਵੱਡੀ ਉਮਰ ਦੇ ਵਿਅਕਤੀ ਨਾਲ ਜਬਰੀ ਨਿਕਾਹ ਕਰਨ ਦੇ ਮਾਮਲੇ ਦੀ ਨਿਖੇਧੀ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੀਨਗਰ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਇਸ ਲਈ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵਿਤਕਰੇ ਦੀ ਭਾਵਨਾ ਸਾਹਮਣੇ ਆਉਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸ੍ਰੀਨਗਰ ਦੇ ਰਾਜਪਾਲ ਨੂੰ ਮਿਲ ਕੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।