ਸਹਾਰਨਪੁਰ: ਕਿਸਾਨਾਂ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਪੱਛਮੀ ਯੂਪੀ ਦੇ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੂਪੀ ਦੀਆਂ ਪਿਛਲੀਆਂ ਸਰਕਾਰਾਂ ’ਤੇ ਸਹਿਕਾਰੀ ਖੰਡ ਮਿਲਾਂ ਨੂੰ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦੰਗਿਆਂ ਦੌਰਾਨ ‘ਇਕ ਤਰਫ਼ਾ ਕੇਸ’ ਦਰਜ ਕੀਤੇ ਗਏ ਤੇ ਉਨ੍ਹਾਂ ਪੱਛਮੀ ਯੂਪੀ ਦੇ ਇਕ ਹੋਰ ਕਸਬੇ ਤੋਂ ‘ਹਿੰਦੂਆਂ ਨੂੰ ਹਿਜਰਤ’ ਲਈ ਮਜਬੂਰ ਕੀਤੇ ਜਾਣ ਵੱਲ ਵੀ ਇਸ਼ਾਰਾ ਕੀਤਾ। ਚੇਤੇ ਰਹੇ ਕਿ ਬੀਕੇਯੂ ਆਗੂ ਰਾਕੇਸ਼ ਟਿਕੈਤ ਇਸੇ ਖੇਤਰ ਨਾਲ ਸਬੰਧਤ ਹਨ। ਕੇਂਦਰੀ ਮੰਤਰੀ ਨੇ ਯੋਗੀ ਆਦਿੱਤਿਆਨਾਥ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੇ ਬਕਾਏ ਦੇਣਾ ਯਕੀਨੀ ਬਣਾਇਆ। ਮਾਂ ਸ਼ਕੁੰਭਰੀ ਦੇਵੀ ਯੂਨੀਵਰਸਿਟੀ ਲਈ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਚੱਲ ਰਹੇ ਕਾਰਜਾਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਤਿੰਨ ਤਲਾਕ, ਜੰਮੂ ਤੇ ਕਸ਼ਮੀਰ ’ਚ ਧਾਰਾ 370 ਦੇ ਖਾਤਮੇ ਦਾ ਜ਼ਿਕਰ ਕਰਦਿਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ’ਤੇ ਵੀ ਜੰਮ ਕੇ ਨਿਸ਼ਾਨੇ ਲਾਏ। -ਪੀਟੀਆਈ