ਨਵੀਂ ਦਿੱਲੀ, 30 ਜੁਲਾਈ
ਮਨੀਪੁਰ ਦੇ ਚੰਦੇਲ ਖੇਤਰ ਵਿਚ ਬੀਤੀ ਰਾਤ ਭਾਰਤ-ਮਿਆਂਮਾਰ ਸਰਹੱਦ ਨੇੜੇ ਹਮਲੇ ਵਿਚ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਪੰਜ ਜ਼ਖਮੀ ਹੋ ਗਏ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ 15 ਫ਼ੌਜੀ ਚੰਦੇਲ ਖੇਤਰ ਦੇ ਖੌਂਗਟਲ ਵਿਖੇ ਗਸ਼ਤ ਤੋਂ ਵਾਪਸ ਆ ਰਹੇ ਸਨ ਜਦੋਂ ਜ਼ਮੀਨਦੋਜ਼ ਸੁਰੰਗ ਵਿੱਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਵੱਖਵਾਦੀਆਂ ਦੇ ਧੜੇ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆ ਵਰ੍ਹਾ ਦਿੱਤੀਆਂ। ਇਹ ਘਟਨਾ ਭਾਰਤ-ਮਿਆਂਮਾਰ ਸਰਹੱਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਦੀ ਹੈ ਤੇ ਫੌਜੀ ਅੰਤਰਰਾਸ਼ਟਰੀ ਸਰਹੱਦ ‘ਤੇ ਤਿੰਨ ਦਿਨਾਂ ਦੀ ਕਾਰਵਾਈ ਤੋਂ ਬਾਅਦ ਆਪਣੇ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀ ਪਛਾਣ ਹੌਲਦਾਰ ਪ੍ਰਣਾਏ ਕਾਲੀਤਾ, ਰਾਈਫਲਮੈਨ ਵਾਈਐਮ ਕੋਨਿਆਕ ਅਤੇ ਰਾਈਫਲਮੈਨ ਰਤਨ ਸਲੀਮ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਮਿਲਟਰੀ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ। ਹਾਲੇ ਤੱਕ ਕਿਸੇ ਵੀ ਵਿਦਰੋਹੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।