ਨਵੀਂ ਦਿੱਲੀ: ਐਮਾਜ਼ੋਨ-ਫਿਊਚਰ ਰਿਟੇਲ ਮਾਮਲੇ ਸਬੰਧੀ ਪ੍ਰਾਪਤ ਪਟੀਸ਼ਨਾਂ ਵਿੱਚ ਬਹੁਤ ਜ਼ਿਆਦਾ ਦਸਤਾਵੇਜ਼ ਦਾਖ਼ਲ ਕੀਤੇ ਜਾਣ ’ਤੇ ਸੁਪਰੀਮ ਕੋਰਟ ਨੇ ਅੱਜ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਅਜਿਹਾ ਮਾਮਲੇ ਨੂੰ ਲੰਮਾ ਖਿੱਚਣ ਲਈ ਕੀਤਾ ਗਿਆ ਹੈ ਜਾਂ ਜੱਜਾਂ ਨੂੰ ਪ੍ਰੇਸ਼ਾਨ ਕਰਨ ਲਈ। ਨਾਲ ਹੀ, ਅਦਾਲਤ ਨੇ ਦਸਤਾਵੇਜ਼ਾਂ ਦਾ ਇੱਕ ਸਾਂਝਾ ਤੇ ਸੰਖੇਪ ਰਿਕਾਰਡ ਮੰਗਿਆ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਅਤੇ ਜਸਟਿਸ ਏ.ਐੱਸ. ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਇਨ੍ਹਾਂ ਧਿਰਾਂ ਦੇ ਵਕੀਲ ਨੂੰ ਘੱਟ ਮਾਤਰਾ ਵਿੱਚ ਦਸਤਾਵੇਜ਼ ਦਾਖ਼ਲ ਕਰਨ ਨੂੰ ਕਿਹਾ ਤਾਂ ਕਿ ਵਿਸ਼ੇ ਦਾ ਨਿਪਟਾਰਾ ਹੋ ਸਕੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਅੱਠ ਦਸੰਬਰ ’ਤੇ ਪਾ ਦਿੱਤੀ ਗਈ ਹੈ। ਚੀਫ਼ ਜਸਟਿਸ ਨੇ ਕਿਹਾ, ‘‘ਮੈਨੂੰ ਤੁਹਾਨੂੰ ਸਾਰਿਆਂ ਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਰਿਕਾਰਡ ਦੇ 22-23 ਭਾਗ ਦਾਖ਼ਲ ਕਰਨ ਦਾ ਕੀ ਫ਼ਾਇਦਾ ਹੈ। ਦੋਵੇਂ ਧਿਰਾਂ ਨੇ ਵਾਰ ਵਾਰ ਕਿੰਨੀ ਗਿਣਤੀ ਵਿੱਚ ਦਸਤਾਵੇਜ਼ ਦਾਖ਼ਲੇ ਕੀਤੇ ਹਨ ਅਤੇ ਕੀ ਇਹ ਸਭ ਮਾਮਲੇ ਨੂੰ ਸਿਰਫ਼ ਲੰਮਾ ਖਿੱਚਣ ਜਾਂ ਜੱਜਾਂ ਨੂੰ ਪ੍ਰੇਸ਼ਾਨ ਕਰਨ ਲਈ ਕੀਤਾ ਗਿਆ ਹੈ।’’ -ਪੀਟੀਆਈ