ਸ੍ਰੀਨਗਰ/ਜੰਮੂ, 12 ਜੁਲਾਈ
ਬੱਦਲ ਫਟਣ ਕਾਰਨ ਚਾਰ ਦਿਨਾਂ ਤੋਂ ਰੁਕੀ ਅਮਰਨਾਥ ਯਾਤਰਾ ਅੱਜ ਬਾਲਟਾਲ ਮਾਰਗ ਰਾਹੀਂ ਮੁੜ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਲਟਾਲ ਬੇਸ ਕੈਂਪ ਤੋਂ ਸ਼ਰਧਾਲੂਆਂ ਦਾ ਨਵਾਂ ਜਥਾ ਅੱਜ ਤੜਕੇ ਪਵਿੱਤਰ ਗੁਫਾ ਲਈ ਰਵਾਨਾ ਹੋਇਆ। ਅੱਠ ਜੁਲਾਈ ਨੂੰ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਰਕੇ ਆਏ ਹੜ੍ਹ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 30 ਤੋਂ ਵੱਧ ਵਿਅਕਤੀ ਲਾਪਤਾ ਹੋ ਗਏ ਸਨ। ਇਹ ਹਾਦਸੇ ਮਗਰੋਂ ਇਹ ਯਾਤਰਾ ਕੁੱਝ ਦਿਨਾਂ ਲਈ ਰੋਕ ਦਿੱਤੀ ਗਈ ਸੀ, ਜੋ ਬੀਤੇ ਦਿਨ ਪਹਿਲਗਾਮ ਮਾਰਗ ਰਾਹੀਂ ਸ਼ੁਰੂ ਹੋ ਗਈ ਹੈ।
ਇਸ ਦੌਰਾਨ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅੱਜ ਸਵੇਰੇ 7,000 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ 7,107 ਸ਼ਰਧਾਲੂ 265 ਵਾਹਨਾਂ ’ਤੇ ਦੋ ਵੱਖਰੇ ਕਾਫਲਿਆਂ ਰਾਹੀਂ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ 1,949 ਸ਼ਰਧਾਲੂ 98 ਵਾਹਨਾਂ ’ਤੇ ਸਵੇਰੇ 3:40 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ ਅਤੇ ਬਾਕੀ ਬਚੇ 5,158 ਸ਼ਰਧਾਲੂ 175 ਵਾਹਨਾਂ ’ਤੇ ਸਵੇਰੇ 4:30 ਵਜੇ ਪਹਿਲਗਾਮ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਹੁਣ ਤੱਕ 1.20 ਲੱਖ ਸ਼ਰਧਾਲੂ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਯਾਤਰਾ 11 ਅਗਸਤ ਨੂੰ ਸਮਾਪਤ ਹੋਵੇਗੀ। -ਪੀਟੀਆਈ