ਸ੍ਰੀਨਗਰ, 5 ਜੂਨ
ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ’ਚ ਸੁਰੱਖਿਆ ਬਲ ਅਤਿਵਾਦੀ ਸੰਗਠਨਾਂ ਵੱਲੋਂ ਵਰਤੇ ਜਾ ਰਹੇ ‘ਸਟਿਕੀ ਬੰਬਾਂ’ ਬਾਰੇ ਫ਼ਿਕਰਮੰਦ ਹਨ। ਇਨ੍ਹਾਂ ਬੰਬਾਂ ਨੂੰ ਵਾਹਨਾਂ ਨਾਲ ਚਿਪਕਾ ਕੇ ਦੂਰੋਂ ਉਡਾਇਆ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲ ਹੁਣ ਸ਼ਰਧਾਲੂਆਂ ਦੀ ਸੁਰੱਖਿਆ ਲਈ ਤੈਅ ਨਿਯਮਾਂ ਨੂੰ ਨਵੇਂ ਸਿਰਿਓਂ ਵਿਉਂਤ ਰਹੇ ਹਨ। ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਅਤਿਵਾਦੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਤੋਂ ਕੀਤੀ ਗਈ ਪੁੱਛਗਿੱਛ ਅਤੇ ਹੋਰਾਂ ਸਬੂਤਾਂ ਤੋਂ ਸਾਹਮਣੇ ਆਇਆ ਹੈ ਕਿ ਕੁਝ ‘ਸਟਿਕੀ ਬੰਬ’ ਤਾਂ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਏ ਹਨ, ਪਰ ਜ਼ਿਆਦਾਤਰ ਕਸ਼ਮੀਰ ਵਾਦੀ ਦੇ ਅਤਿਵਾਦੀ ਸੰਗਠਨਾਂ ਦੇ ਹੱਥ ਵੀ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਪਾਕਿਸਤਾਨ ਵਾਲੇ ਪਾਸਿਓਂ ਉਡ ਕੇ ਆਏ ਇਕ ਡਰੋਨ ਵਿਚ ਤਕਨੀਕੀ ਖਰਾਬੀ ਆ ਗਈ ਸੀ ਤੇ ਕਠੂਆ ਵਿਚ ਲੋਕਾਂ ਨੇ ਇਸ ਨੂੰ ਦੇਖਿਆ। ਬਾਅਦ ਵਿਚ ਪੁਲੀਸ ਨੂੰ ਉਸ ਥਾਂ ਤੋਂ ਹਥਿਆਰ ਤੇ ਅਸਲਾ ਮਿਲਿਆ ਜਿਨ੍ਹਾਂ ਵਿਚ ਸੱਤ ਚੁੰਬਕੀ (ਮੈਗਨੈਟਿਕ) ਬੰਬ ਜਾਂ ‘ਸਟਿਕੀ ਬੰਬ’ ਵੀ ਸਨ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਆਪਣੀ ਰਣਨੀਤੀ ਉਤੇ ਮੁੜ ਤੋਂ ਕੰਮ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਕਰੀਬ 3 ਲੱਖ ਯਾਤਰੀਆਂ ਦੇ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਦੇ ਆਸਾਰ ਹਨ। ਦੱਖਣੀ ਕਸ਼ਮੀਰ ਸਥਿਤ ਅਮਰਨਾਥ ਧਾਮ ਦੀ ਯਾਤਰਾ 11 ਅਗਸਤ ਨੂੰ ਖ਼ਤਮ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੌਰਾਨ ਯਕੀਨੀ ਬਣਾਇਆ ਜਾਵੇਗਾ ਕਿ ਸ਼ਰਧਾਲੂਆਂ ਤੇ ਸੁਰੱਖਿਆ ਬਲਾਂ ਦੇ ਵਾਹਨ ਦੂਰ ਰਹਿਣ। -ਪੀਟੀਆਈ