ਨਵੀਂ ਦਿੱਲੀ: ਸੀਬੀਆਈ ਨੂੰ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐੱਸ.ਐਨ. ਸ਼ੁਕਲਾ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ’ਤੇ ਆਪਣੇ ਇਕ ਫ਼ੈਸਲੇ ਵਿਚ ਪ੍ਰਾਈਵੇਟ ਮੈਡੀਕਲ ਕਾਲਜ ਦਾ ਪੱਖ ਪੂਰਨ ਦਾ ਦੋਸ਼ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮੰਗੀ ਸੀ। ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਇਹ ਪ੍ਰਵਾਨਗੀ 16 ਅਪਰੈਲ ਨੂੰ ਮੰਗੀ ਗਈ ਸੀ। ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ ਸੇਵਾਮੁਕਤ ਜੱਜ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇਗੀ। ਹਾਈ ਕੋਰਟ ਦੇ ਲਖ਼ਨਊ ਬੈਂਚ ਦੇ ਜਸਟਿਸ ਸ਼ੁਕਲਾ ਤੋਂ ਇਲਾਵਾ ਏਜੰਸੀ ਨੇ ਛੱਤੀਸਗੜ੍ਹ ਹਾਈ ਕੋਰਟ ਦੇ ਸੇਵਾਮੁਕਤ ਜੱਜ ਆਈ.ਐਮ. ਕੁਦੁੱਸੀ, ਪ੍ਰਸਾਦ ਐਜੂਕੇਸ਼ਨ ਟਰੱਸਟ ਦੇ ਭਗਵਾਨ ਪ੍ਰਸਾਦ ਯਾਦਵ ਤੇ ਪਲਾਸ਼ ਯਾਦਵ ਦਾ ਨਾਂ ਵੀ ਇਸ ਮਾਮਲੇ ਵਿਚ ਲਿਆ ਸੀ। ਐਫਆਈਆਰ ਵਿਚ ਪ੍ਰਾਈਵੇਟ ਵਿਅਕਤੀਆਂ ਦੇ ਤੌਰ ’ਤੇ ਭਾਵਨਾ ਪਾਂਡੇ ਤੇ ਸੁਧੀਰ ਗਿਰੀ ਦਾ ਨਾਂ ਵੀ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ (ਅਪਰਾਧਕ ਸਾਜ਼ਿਸ਼) ਤੇ ਭ੍ਰਿਸ਼ਟਾਚਾਰ ਐਕਟ ਤਹਿਤ ਸੁਣਵਾਈ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ੈਸਲੇ ਆਪਣੇ ਪੱਖ ਵਿਚ ਕਰਨ ਲਈ ਇਕ ਮੁਲਜ਼ਮ ਨੂੰ ਟਰੱਸਟ ਵੱਲੋਂ ਰਿਸ਼ਵਤ ਦਿੱਤੀ ਗਈ। ਸੀਬੀਆਈ ਨੂੰ ਕੁਦੁੱਸੀ ਖ਼ਿਲਾਫ਼ ਕਾਰਵਾਈ ਲਈ ਮਨਜ਼ੂਰੀ ਦੀ ਲੋੜ ਨਹੀਂ ਸੀ ਕਿਉਂਕਿ ਜਦ ਇਹ ਅਪਰਾਧ ਹੋਇਆ ਤਾਂ ਉਹ ਸੇਵਾਮੁਕਤ ਹੋ ਚੁੱਕੇ ਸਨ। -ਪੀਟੀਆਈ