ਚੰਡੀਗੜ੍ਹ: ਬਸਪਾ ਸੁਪਰੀਮੋ ਮਾਇਆਵਤੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨੂੰ ਨਵੀਂ ਸਿਆਸੀ ਅਤੇ ਸਮਾਜਿਕ ਪਹਿਲ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਪਾਰਟੀਆਂ ਦੇ ਰਲ ਕੇ ਕੰਮ ਕਰਨ ਨਾਲ ਪੰਜਾਬ ’ਚ ਤਰੱਕੀ ਅਤੇ ਖੁਸ਼ਹਾਲੀ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਸੂਬੇ ’ਚ ਧਰਮ ਨਿਰਪੱਖ, ਸੰਘੀ ਲੋਕਤੰਤਰੀ ਇਨਕਲਾਬ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ’ਚ ਸਮਾਜਿਕ-ਆਰਥਿਕ ਅਤੇ ਸਿਆਸਤ ਦੀ ਨੁਹਾਰ ’ਚ ਵੀ ਬਦਲਾਅ ਆਵੇਗਾ। ਗੱਠਜੋੜ ਦੇ ਐਲਾਨ ਮਗਰੋਂ ਸ੍ਰੀ ਬਾਦਲ ਨੇ ਮਾਇਆਵਤੀ ਨੂੰ ਫੋਨ ’ਤੇ ਵਧਾਈ ਦਿੱਤੀ ਅਤੇ ਪੰਜਾਬ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਲਈ ਵੀ ਕਿਹਾ। ਮਾਇਆਵਤੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੱਠਜੋੜ ਦੀ ਹਮਾਇਤ ਕਰਨ। ਉਨ੍ਹਾਂ ਕਾਂਗਰਸ ਸਰਕਾਰ ’ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਸੂਬੇ ’ਚ ਸਮਾਜ ਦੇ ਹਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਦਲ ਨੇ ਕਿਹਾ ਕਿ ਗੱਠਜੋੜ ਗੁਰੂ ਨਾਨਕ ਦੇਵ, ਗੁਰੂ ਰਵਿਦਾਸ ਅਤੇ ਭਗਵਾਨ ਬਾਲਮੀਕੀ ਤੇ ਮਹਾਨ ਸਾਧੂ-ਸੰਤਾਂ ਵੱਲੋਂ ਦਿਖਾਏ ਸਾਂਝੇ ਰਾਹ ’ਤੇ ਚੱਲੇਗਾ। ਉਨ੍ਹਾਂ ਕਿਹਾ,‘‘ਮੇਰੇ ਸਿਆਸੀ ਕਰੀਅਰ ਦਾ ਇਹ ਸਭ ਤੋਂ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਗੱਠਜੋੜ ਸਰਬੱਤ ਦੇ ਭਲੇ ਦੇ ਆਦਰਸ਼ਾਂ, ਸਰਬ ਸਾਂਝੀਵਾਲਤਾ, ਸਨਮਾਨ ਤੇ ਸਮਾਜਿਕ ਇਨਸਾਫ਼ ’ਤੇ ਆਧਾਰਿਤ ਹੈ।’’ ਸ੍ਰੀ ਬਾਦਲ ਨੇ ਚੇਤੇ ਕਰਵਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਨੇ ਸਮਾਜਿਕ ਨਿਆਂ ਦੇ ਸੁਫ਼ਨਿਆਂ ਦੀ ਪੂਰਤੀ ਵੱਲ ਉਚੇਚੇ ਤੌਰ ’ਤੇ ਧਿਆਨ ਦਿੱਤਾ ਸੀ। -ਪੀਟੀਆਈ