ਨਵੀਂ ਦਿੱਲੀ, 10 ਅਕਤੂਬਰ
ਕਾਂਗਰਸ ਨੇ ਅੱਜ ਚੋਣ ਕਮਿਸ਼ਨ ਨੂੰ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੌਰਾਨ ਲੋਕ ਪ੍ਰਤੀਨਿਧ ਐਕਟ ਦੀ ਕੋਈ ਉਲੰਘਣਾ ਨਹੀਂ ਹੋਈ ਹੈ ਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਚੋਣ ਮੁਹਿੰਮ ਲਈ ਨਹੀਂ ਵਰਤਿਆ ਗਿਆ। ਕਾਂਗਰਸ ਨੇ ਬੱਚਿਆਂ ਦੇ ਅਧਿਕਾਰਾਂ ਬਾਰੇ ਸੰਸਥਾ ‘ਐੱਨਸੀਪੀਸੀਆਰ’ ਦੀ ਸ਼ਿਕਾਇਤ ਨੂੰ ਬੇਬੁਨਿਆਦ ਤੇ ਫ਼ਰਜ਼ੀ ਕਰਾਰ ਦਿੱਤਾ ਹੈ। ਕਾਂਗਰਸ ਨੇ ਭਾਜਪਾ ਖ਼ਿਲਾਫ਼ ਜਵਾਬੀ ਸ਼ਿਕਾਇਤ ਦਰਜ ਕਰਾਉਂਦਿਆਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਤੇ ਇਸ ਦੇ ਆਗੂ ‘ਬੱਚਿਆਂ ਨੂੰ ਗਲਤ ਢੰਗ ਨਾਲ ਵਰਤ ਰਹੇ ਹਨ, ਤੇ ਭਾਵਨਾ ਮਾੜੀ ਹੈ।’ ਬੱਚਿਆਂ ਦੇ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਦੀ ਸ਼ਿਕਾਇਤ ’ਤੇ ਕਾਂਗਰਸ ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਕੋਲ ਜਵਾਬ ਦਾਖਲ ਕੀਤਾ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਤਰਜਮਾਨ ਸੁਪ੍ਰਿਆ ਸ੍ਰੀਨੇਤ ਤੇ ਸੀਨੀਅਰ ਆਗੂ ਸਲਮਾਨ ਖ਼ੁਰਸ਼ੀਦ ਹਾਜ਼ਰ ਸਨ। ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਦੇਣਾ ਸਮਝ ਤੋਂ ਬਾਹਰ ਹੈ। -ਪੀਟੀਆਈ