ਨਵੀਂ ਦਿੱਲੀ, 26 ਜੂਨ
ਕਾਂਗਰਸ ਨੇ ਅੱਜ ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਜਿਨ੍ਹਾਂ ’ਚ ਭਾਜਪਾ ਨੇ ਦਾਅਵਾ ਕੀਤਾ ਸੀ ਕਿ 2002 ’ਚ ਹੋਏ ਗੁਜਰਾਤ ਦੰਗਿਆਂ ਦੇ ਸਬੰਧ ’ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਤੀਸਤਾ ਸੀਤਲਵਾੜ ਵੱਲੋਂ ਚਲਾਈ ਗਈ ਮੁਹਿੰਮ ਪਿੱਛੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਨ। ਕਾਂਗਰਸ ਨੇ ਕਿਹਾ ਕਿ ਇਹ ਦੋਸ਼ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਿੱਧੀ ਹੱਤਕ ਹੈ। ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਟਵੀਟ ਕੀਤਾ, ‘ਭਾਜਪਾ ਦੇ ਤਰਜਮਾਨ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਲਾਏ ਦੋਸ਼ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ ਹਨ।’ ਸਿੰਘਵੀ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਦੋਸ਼ਾਂ ਦੀ ਆਲੋਚਨਾ ਕਰਦੀ ਹੈ। -ਪੀਟੀਆਈ