ਅਲਾਹਾਬਾਦ, 13 ਮਾਰਚ
ਅਲਾਹਾਬਾਦ ਹਾਈ ਕੋਰਟ ਨੇ ਮਥੁਰਾ ਦੀ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਸਬੰਧੀ ਪਟੀਸ਼ਨ ’ਤੇ ਮੁੜ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਪਟੀਸ਼ਨ ਜਨਵਰੀ, 2021 ਵਿਚ ਖਾਰਜ ਕਰ ਦਿੱਤੀ ਗਈ ਸੀ ਜਦ ਪਟੀਸ਼ਨਕਰਤਾ ਵਕੀਲ ਰਾਹੀਂ ਪੇਸ਼ ਨਾ ਹੋ ਕੇ ਖ਼ੁਦ ਸੁਣਵਾਈ ਲਈ ਹਾਜ਼ਰ ਹੋ ਗਿਆ ਸੀ। ਪਟੀਸ਼ਨ ਬਹਾਲ ਕਰਨ ਬਾਰੇ ਅਰਜ਼ੀ ਉਸੇ ਵੇਲੇ ਪਾ ਦਿੱਤੀ ਗਈ ਸੀ। ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਮਸਜਿਦ, ਕ੍ਰਿਸ਼ਨ ਜਨਮਭੂਮੀ ਉਤੇ ਬਣੀ ਹੈ ਜੋ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ। ਇਸ ਤੋਂ ਪਹਿਲਾਂ ਸੰਨ 2020 ਵਿਚ ਮਥੁਰਾ ਦੀ ਇਕ ਅਦਾਲਤ ਨੇ ਮਸਜਿਦ ਨੂੰ ਹਟਾਉਣ ਬਾਰੇ ਪਾਈ ਇਕ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਮਸਜਿਦ ਦਾ ਨਿਰਮਾਣ 17ਵੀਂ ਸਦੀ ਦਾ ਹੈ। -ਪੀਟੀਆਈ