ਮੋਰਬੀ (ਗੁਜਰਾਤ), 3 ਨਵੰਬਰ
ਸੂਬਾ ਸਰਕਾਰ ਵਿਚਲੇ ਸੂਤਰਾਂ ਨੇ ਅੱਜ ਕਿਹਾ ਕਿ ਮੋਰਬੀ ਪੁਲ ਹਾਦਸੇ ਦੇ ਸਾਰੇ ਪੀੜਤ ਲੱਭ ਚੁੱਕੇ ਹਨ ਤੇ ਹਾਦਸੇ ਨਾਲ ਸਬੰਧਤ ਇਕ ਵੀ ਵਿਅਕਤੀ ਲਾਪਤਾ ਨਹੀਂ ਹੈ। ਐਤਵਾਰ ਸ਼ਾਮ ਨੂੰ ਮੱਛੂ ਨਦੀ ’ਤੇ ਵਾਪਰੇ ਹਾਦਸੇ ਵਿੱਚ 135 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਉਧਰ ਮੋਰਬੀ ਦੇ ਐੱਸਪੀ ਰਾਹੁਲ ਤ੍ਰਿਪਾਠੀ ਨੇ ਕੋਰਟ ’ਚ ਸਾਇੰਟੀਫਿਕ ਰਿਪੋਰਟ ਦਾਖ਼ਲ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲ ਹਾਦਸਾ ਕੇਸ ਵਿਚ ਗ੍ਰਿਫ਼ਤਾਰ ਤੇ ਪੁਲੀਸ ਹਿਰਾਸਤ ’ਚ ਲਏ ਚਾਰ ਮੁਲਜ਼ਮਾਂ ਤੋੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ, ‘‘ਪੁਲ ਦੀ ਮੁਰੰਮਤ ਦੌਰਾਨ ਰਹੀਆਂ ਖਾਮੀਆਂ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਸੀਂ ਵਿਆਪਕ ਜਾਂਚ ਕਰ ਰਹੇ ਹਾਂ ਅਤੇ ਜਿਸ ਕਿਸੇ ਦੀ ਭੂਮਿਕਾ ਸਾਹਮਣੇ ਆਈ, ਉਸ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।’’ -ਪੀਟੀਆਈ