ਨਵੀਂ ਦਿੱਲੀ, 3 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵਾਹਨ ’ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਹਮਲਾ ਕਰਨਾ ਸਿਖਾਉਂਦਾ ਹੈ। ਉਨ੍ਹਾਂ ਕਿਹਾ,‘‘ਸਾਰੇ ਰਲ ਕੇ ਸੰਘ ਦਾ ਮੁਕਾਬਲਾ ਕਰਾਂਗੇ ਅਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟਵੀਟ ਕਰਕੇ ਕਿਹਾ,‘‘ਉਨ੍ਹਾਂ (ਭਾਜਪਾ) ਦਾ ਸੰਘ ਹਮਲਾ ਕਰਨਾ ਸਿਖਾਉਂਦਾ ਹੈ ਜਦਕਿ ਅਹਿੰਸਕ ਸੱਤਿਆਗ੍ਰਹਿ ਕਿਸਾਨਾਂ ਨੂੰ ਬੇਖ਼ੌਫ ਬਣਾਉਂਦਾ ਹੈ। ਸੰਘ ਦਾ ਸਾਹਮਣਾ ਰਲ ਕੇ ਕਰਾਂਗੇ-ਤਿੰਨੋਂ ਖੇਤੀ ਅਤੇ ਦੇਸ਼ ਵਿਰੋਧੀ ਕਾਨੂੰਨ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ।’’ ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਦਿੱਲੀ ਦੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਪਿਛਲੇ ਸਾਲ ਨਵੰਬਰ ਤੋਂ ਅੰਦੋਲਨ ’ਤੇ ਬੈਠੇ ਹੋਏ ਹਨ। ਕੇਂਦਰ ਆਪਣੇ ਪਾਸ ਕੀਤੇ ਗਏ ਤਿੰਨੋਂ ਕਾਨੂੰਨਾਂ ਨੂੰ ਖੇਤੀ ਸੈਕਟਰ ਦੇ ਵੱਡੇ ਸੁਧਾਰ ਦੱਸ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਇਸ ਨਾਲ ਵਿਚੋਲੇ ਖ਼ਤਮ ਹੋ ਜਾਣਗੇ ਅਤੇ ਕਿਸਾਨ ਮੁਲਕ ’ਚ ਕਿਤੇ ਵੀ ਆਪਣੀ ਫਸਲ ਵੇਚ ਸਕਣਗੇ। ਉਧਰ ਅੰਦੋਲਨਕਾਰੀ ਕਿਸਾਨਾਂ ਨੇ ਨਵੇਂ ਕਾਨੂੰਨਾਂ ਖ਼ਿਲਾਫ਼ ਖ਼ਦਸ਼ਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਸਰਕਾਰ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਦੇਵੇਗੀ। -ਪੀਟੀਆਈ