ਨਵੀਂ ਦਿੱਲੀ, 26 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਿਚ 1975 ਵਿਚ ਲਗਾਈ ਐਮਰਜੰਸੀ ਦੌਰਾਨ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਅਜਿਹੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ ਜਿੱਥੇ ਲੋਕਾਂ ਨੇ ਜਮਹੂਰੀ ਤਰੀਕਿਆਂ ਰਾਹੀਂ ‘ਤਾਨਾਸ਼ਾਹੀ ਮਾਨਸਿਕਤਾ’ ਨੂੰ ਹਰਾਇਆ ਹੋਵੇ। ਰੇਡੀਓ ‘ਤੇ ਪ੍ਰਸਾਰਿਤ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਸ੍ਰੀ ਮੋਦੀ ਨੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਤੱਤਕਾਲੀ ਸਰਕਾਰ ਵੱਲੋਂ ਲਾਈ ਐਮਰਜੰਸੀ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਸਮੇਂ ਦੌਰਾਨ ਸਾਰੇ ਅਧਿਕਾਰ ਖੋਹ ਲਏ ਸਨ। 25 ਜੂਨ 1975 ਨੂੰ ਦੇਸ਼ ਵਿੱਚ ਐਮਰਜੰਸੀ ਦਾ ਐਲਾਨ ਕੀਤਾ ਗਿਆ ਸੀ, ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। 21 ਮਾਰਚ 1977 ਨੂੰ ਐਮਰਜੰਸੀ ਹਟਾ ਲਈ ਗਈ ਸੀ।