ਨਵੀਂ ਦਿੱਲੀ, 14 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿੰਦੀ ਦੇਸ਼ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਸਹੇਲੀ ਹੈ ਅਤੇ ਸਾਰੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵੱਖ ਵੱਖ ਖ਼ਿੱਤਿਆਂ ਦੇ ਲੋਕਾਂ ਨੇ ਭਾਸ਼ਾ ਨੂੰ ਸਮਰੱਥ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਹਿੰਦੀ ਆਲਮੀ ਪੱਧਰ ’ਤੇ ਪੂਰੀ ਮਜ਼ਬੂਤੀ ਨਾਲ ਆਪਣੀ ਪਛਾਣ ਬਣਾ ਰਹੀ ਹੈ। ਹਿੰਦੀ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚੇ ਜੇਕਰ ਅੰਗਰੇਜ਼ੀ ਮੀਡੀਅਮ ਸਕੂਲਾਂ ’ਚ ਪੜ੍ਹਦੇ ਹਨ ਤਾਂ ਵੀ ਉਹ ਘਰ ’ਚ ਬੱਚਿਆਂ ਨਾਲ ਆਪਣੀ ਮਾਂ ਬੋਲੀ ’ਚ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਨਹੀਂ ਤਾਂ ਬੱਚੇ ਆਪਣੀਆਂ ਜੜ੍ਹਾਂ ਤੋਂ ਕੱਟੇ ਜਾਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਵਧੇਰੇ ਸੰਸਦ ਮੈਂਬਰ ਸੰਸਦ ’ਚ ਆਪਣੀ ਖੇਤਰੀ ਭਾਸ਼ਾ ’ਚ ਬੋਲਦੇ ਹਨ ਅਤੇ ਉਨ੍ਹਾਂ ਦਾ ਤਰਜਮਾ ਅੰਗਰੇਜ਼ੀ ਅਤੇ ਹਿੰਦੀ ’ਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਜਾਗਰ ਕਰਨ ’ਚ ਸਹਾਇਤਾ ਮਿਲਦੀ ਹੈ। ‘ਲੋਕਾਂ ਨੂੰ ਵਸਤਾਂ ਦੇ ਉਤਪਾਦਨ ’ਚ ਹੀ ਨਹੀਂ ਸਗੋਂ ਭਾਸ਼ਾਵਾਂ ’ਚ ਵੀ ਆਤਮ-ਨਿਰਭਰ ਹੋਣਾ ਚਾਹੀਦਾ ਹੈ।’ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਸਾਲ ਦਿੱਤੀ ਜੋ ਕੌਮਾਂਤਰੀ ਮੰਚਾਂ ’ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਿਰਫ਼ ਹਿੰਦੀ ’ਚ ਹੀ ਬੋਲਦੇ ਹਨ। ਨਵੀਂ ਸਿੱਖਿਆ ਨੀਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ’ਚ ਖੇਤਰੀ ਅਤੇ ਹਿੰਦੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੀਆਂ ਤਜਵੀਜ਼ਾਂ ਹਨ। -ਪੀਟੀਆਈ