ਲਖਨਊ, 18 ਜੁਲਾਈ
ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸੂਬੇ ਵਿੱਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਬਣਾਉਣ ਲਈ ਤਿਆਰ ਹੈ ਅਤੇ ਉਨ੍ਹਾਂ ਨੂੰ ਇਸ ’ਤੇ ‘ਖੁੱਲ੍ਹੇ ਮਨ’ ਨਾਲ ਸੋਚਣਾ ਚਾਹੀਦਾ ਹੈ। ਪ੍ਰਿਯੰਕਾ ਨੇ ਉਸ ਨੂੰ ‘ਸਿਆਸੀ ਸੈਲਾਨੀ’ ਕਹਿਣ ’ਤੇ ਭਾਜਪਾ ਨੂੰ ਕਰਾਰੇ ਹੱਥੀਂ ਲਿਆ। ਕਾਂਗਰਸ ਯੂਪੀ ਦੀਆਂ ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਇਕੱਲੀ ਲੜ ਰਹੀ ਹੈ ਜਾਂ ਗੱਠਜੋੜ ਬਣਾ ਕੇ ਲੜੇਗੀ ਬਾਰੇ ਪੁੱਛਣ ’ਤੇ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਮੀਟਿੰਗ ਦੌਰਾਨ ਕਿਹਾ, ‘‘ਇਹ ਕਹਿਣਾ ਹਾਲੇ ਜਲਦਬਾਜ਼ੀ ਹੈ।’’ ਹਾਲਾਂਕਿ ਉਨ੍ਹਾਂ ਨੇ ਗੱਠਜੋੜ ਕਰਨ ਜਾਂ ਨਾ ਕਰਨ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਮੈਂ ਗੱਠਜੋੜ ਤੋਂ ਇਨਕਾਰ ਨਹੀਂ ਕਰਦੀ। ਅਸੀਂ ਤੰਗ-ਨਜ਼ਰ ਬਿਲਕੁਲ ਨਹੀਂ ਹਾਂ। ਅਸੀਂ ਖੁੱਲ੍ਹੇ ਮਨ ਵਾਲੇ ਹਾਂ। ਸਾਡਾ ਮਕਸਦ ਭਾਜਪਾ ਨੂੰ ਹਰਾਉਣਾ ਹੈ। ਇਸ ਲਈ ਬਾਕੀ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਮਨ ਨਾਲ ਸੋਚਣਾ ਚਾਹੀਦਾ ਹੈ।’’ ਜਨਰਲ ਸਕੱਤਰ ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਕੁੱਝ ਖੇਤਰਾਂ ਵਿੱਚ ਚੁੱਪਚਾਪ ਕੰਮ ਕਰ ਰਹੀ ਹੈ। ਪ੍ਰਿਯੰਕਾ ਨੇ ਕਿਹਾ, ‘‘ਅਸੀਂ ਕੋਵਿਡ-19 ਮਹਾਮਾਰੀ ਦੌਰਾਨ ਬਹੁਤ ਜ਼ਿਆਦਾ ਕੰਮ ਕੀਤਾ ਹੈ। ਸਿਰਫ਼ ਅਸੀਂ ਹੀ ਇਸ ਮੁੱਦੇ ਨੂੰ ਚੁੱਕਿਆ ਹੈ।’’ -ਪੀਟੀਆਈ