ਮੁੱਖ ਅੰਸ਼
- ਪ੍ਰਾਜੈਕਟਾਂ ਦੇ ਡਿਜ਼ਾਈਨ ਬਾਰੇ ਪਾਕਿਸਤਾਨ ਦੇ ਇਤਰਾਜ਼ਾਂ ’ਤੇ ਕੋਈ ਚਰਚਾ ਨਹੀਂ ਹੋਈ
- ਹੜ੍ਹਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਕਮਿਸ਼ਨ ਸਿੰਧ ਬੇਸਿਨ ਦਾ ਕਰਨਗੇ ਦੌਰਾ
ਨਵੀਂ ਦਿੱਲੀ, 1 ਜੂਨ
ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਾਜੈਕਟ ਪੂਰੀ ਤਰ੍ਹਾਂ ਨਾਲ ਸਿੰਧ ਜਲ ਸੰਧੀ ਦੀਆਂ ਮੱਦਾਂ ਮੁਤਾਬਕ ਹਨ ਅਤੇ ਉਹ ਸਥਾਈ ਸਿੰਧ ਕਮਿਸ਼ਨ (ਪੀਆਈਸੀ) ਦੀ ਬੈਠਕ ਦੌਰਾਨ ਪਾਕਿਸਤਾਨ ਵੱਲੋਂ ਦਿੱਤੇ ਗਏ ਸੁਝਾਵਾਂ ਅਤੇ ਉਠਾਏ ਗਏ ਮੁੱਦਿਆਂ ਦੇ ਦੁਵੱਲੇ ਹੱਲ ਲਈ ਵਚਨਬੱਧ ਹੈ। ਭਾਰਤ ਅਤੇ ਪਾਕਿਸਤਾਨ ਦੇ ਸਿੰਧ ਕਮਿਸ਼ਨਰਾਂ ’ਤੇ ਆਧਾਰਿਤ ਪੀਆਈਸੀ ਦੀ 118ਵੀਂ ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ ਜੋ ਇਥੇ ਮੰਗਲਵਾਰ ਨੂੰ ਖ਼ਤਮ ਹੋ ਗਈ। ਸੂਤਰਾਂ ਮੁਤਾਬਕ ਭਾਰਤ ਨੇ ਇਹ ਵੀ ਕਿਹਾ ਕਿ ਉਹ ਜਲ ਸਰੋਤਾਂ ਤੋਂ ਜ਼ਿਆਦਾ ਪਾਣੀ ਕੱਢਣ ਅਤੇ ਹੜ੍ਹਾਂ ਬਾਰੇ ਜਾਣਕਾਰੀ ਪਹਿਲਾਂ ਹੀ ਮੁਹੱਈਆ ਕਰਵਾ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਹੜ੍ਹਾਂ ਬਾਰੇ ਅਗਾਊਂ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕੋਈ ਤਕਨੀਕੀ ਵਿਚਾਰ ਵਟਾਂਦਰਾ ਨਹੀਂ ਹੋਇਆ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਭਰੋਸਾ ਦਿੱਤਾ ਕਿ ਸੰਧੀ ਮੁਤਾਬਕ ਸਾਰੀਆਂ ਗੱਲਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਪੱਛਮੀ ਦਰਿਆਵਾਂ ’ਤੇ ਭਾਰਤੀ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟਾਂ ਦੇ ਡਿਜ਼ਾਈਨ ਬਾਰੇ ਪਾਕਿਸਤਾਨ ਦੇ ਇਤਰਾਜ਼ਾਂ ’ਤੇ ਕੋਈ ਚਰਚਾ ਨਹੀਂ ਕੀਤੀ ਗਈ। ਦੋਵੇਂ ਮੁਲਕਾਂ ਨੇ ਇਹ ਵੀ ਫ਼ੈਸਲਾ ਲਿਆ ਕਿ ਹੜ੍ਹਾਂ ਦੇ ਸੀਜ਼ਨ ਦੀ ਸਮਾਪਤੀ ਮਗਰੋਂ ਦੋਵੇਂ ਕਮਿਸ਼ਨ ਕਿਸੇ ਢੁੱਕਵੀਂ ਤਰੀਕ ’ਤੇ ਸਿੰਧ ਬੇਸਿਨ ਦਾ ਦੌਰੇ ਕਰਨਗੇ। ਸੂਤਰਾਂ ਨੇ ਕਿਹਾ ਕਿ ਦੋਵੇਂ ਕਮਿਸ਼ਨਰਾਂ ਨੇ ਸਿੰਧ ਜਲ ਸੰਧੀ ਤਹਿਤ ਦੁਵੱਲੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦਾ ਅਹਿਦ ਵੀ ਲਿਆ ਹੈ। ਭਾਰਤੀ ਵਫ਼ਦ ਦੀ ਅਗਵਾਈ ਏ ਕੇ ਪਾਲ ਅਤੇ ਪਾਕਿਸਤਾਨੀ ਵਫ਼ਦ ਦੀ ਅਗਵਾਈ ਸੱਯਦ ਮੁਹੰਮਦ ਮੇਹਰ ਅਲੀ ਸ਼ਾਹ ਕਰ ਰਹੇ ਸਨ। -ਪੀਟੀਆਈ
ਦਿੱਲੀ ’ਚ ਮੀਟਿੰਗ ਮਗਰੋਂ ਵਤਨ ਪਰਤਿਆ ਪਾਕਿਸਤਾਨੀ ਵਫ਼ਦ
ਅਟਾਰੀ (ਪੱਤਰ ਪ੍ਰੇਰਕ): ਸਿੰਧ ਜਲ ਕਮਿਸ਼ਨ ਤਹਿਤ ਨਵੀਂ ਦਿੱਲੀ ਵਿਖੇ 118ਵੀਂ ਦੋ ਦਿਨਾਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਉਪਰੰਤ ਅੱਜ ਪਾਕਿਸਤਾਨ ਵਾਟਰ ਰਿਸੋਰਸ ਮੈਨੇਜਮੈਂਟ ਦੇ ਅਧਿਕਾਰੀਆਂ ਦਾ ਪੰਜ ਮੈਂਬਰੀ ਵਫ਼ਦ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਗਿਆ। ਪਾਕਿਸਤਾਨੀ ਵਫ਼ਦ ਨੇ ਸਿੰਧ ਜਲ ਕਮਿਸ਼ਨਰ ਦੀ ਅਗਵਾਈ ਹੇਠ ਨਵੀਂ ਦਿੱਲੀ ਵਿੱਚ ਸਿੰਧ ਜਲ ਕਮਿਸ਼ਨ ਤਹਿਤ ਪਾਣੀਆਂ ਦੀ ਵੰਡ ਸਬੰਧੀ ਹੋਈ ਦੋ ਰੋਜ਼ਾ ਮੀਟਿੰਗ ਵਿੱਚ ਭਾਗ ਲਿਆ।