ਅਜੈ ਬੈਨਰਜੀ
ਨਵੀਂ ਦਿੱਲੀ, 22 ਅਕਤੂਬਰ
ਅਰੁਣਾਚਲ ਪ੍ਰਦੇਸ਼ ’ਚ ਬੀਤੇ ਦਿਨ ਫੌਜ ਦੇ ਹੈਲੀਕਾਪਟਰ ਨਾਲ ਵਾਪਰੇ ਹਾਦਸੇ ਤੋਂ ਬਾਅਦ ਦੇਸ਼ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਕੋਲ ਮੌਜੂਦ ਸਾਰੇ ਐਡਵਾਂਸਡ ਲਾਈਟ ਹੈਲੀਕਾਪਟਰਾਂ (ਏਐੱਲਐੱਚ) ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ, ਭਾਰਤੀ ਜਲ ਸੈਨਾ ਤੇ ਭਾਰਤੀ ਹਵਾਬਾਜ਼ੀ ਸੈਨਾ ਕੋਲ 300 ਦੇ ਕਰੀਬ ਏਐੱਲਐੱਚ ਕਾਪਟਰ ਹਨ ਤੇ ਕੁਝ ਏਐੱਲਐੱਚ ਤੱਟ ਰੱਖਿਅਕਾਂ ਕੋਲ ਹਨ। ਇਹ ਐੱਲਐੱਚਐੱਸ ਦੀ ਸਭ ਤੋਂ ਨਵੀਂ ਕਿਸਮ ਹੈ ਜੋ ਜੂਨ 2015 ’ਚ ਸੇਵਾਵਾਂ ’ਚ ਸ਼ਾਮਲ ਹੋਈ ਸੀ। ਇਸ ਵਿੱਚ ਸਭ ਤੋਂ ਤਾਕਤ ਵਾਲਾ ਇੰਜਣ ‘ਸ਼ਕਤੀ’ ਲੱਗਾ ਹੋਇਆ ਹੈ ਜੋ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ (ਐੱਚਏਐੱਲ) ਅਤੇ ਸੈਫਰਨ ਆਫ ਫਰਾਂਸ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ।
ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਉੱਚ ਪੱਧਰੀ ਸੂਤਰਾਂ ਨੇ ‘ਦਿ ਟ੍ਰਿਬਿਊਨ’ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ, ‘ਸਾਰੇ ਬੇੜੇ ਦੀ ਇੱਕ ਵਾਰ ਇਹਤਿਆਤ ਵਜੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।’ ਏਐੱਲਐੱਚ ਦੇਸ਼ ਭਰ ’ਚ ਤਾਇਨਾਤ ਹਨ। ਇਹ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਸਾਰੇ ਹਿਮਾਲਿਆ ਅਤੇ ਦੇਸ਼ ਦੀਆਂ ਹੋਰ ਅਹਿਮ ਥਾਵਾਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਦੀ ਜਾਂਚ ਸਬੰਧਤ ਸੈਨਾਵਾਂ ਨਾਲ ਤਾਇਨਾਤ ਹੈਲੀਕਾਪਟਰ ਸੰਭਾਲ ਤੇ ਮੁਰੰਮਤ ਇਕਾਈਆਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਘੇ 24 ਘੰਟਿਆਂ ਅੰਦਰ ਕੀਤੀ ਗਈ ਜਾਂਚ ਦੌਰਾਨ ਕੁਝ ਹੈਲੀਕਾਪਟਰ ਠੀਕ ਮਿਲੇ ਹਨ ਅਤੇ ਸਾਰੇ 300 ਹੈਲੀਕਾਪਟਰਾਂ ਦੀ ਜਾਂਚ ਅਗਲੇ ਦੋ ਦਿਨਾਂ ਅੰਦਰ ਮੁਕੰਮਲ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਰੁਣਾਚਲ ਪ੍ਰਦੇਸ਼ ’ਚ ਹਾਦਸੇ ਦਾ ਸ਼ਿਕਾਰ ਹੋਏ ਫੌਜ ਦੇ ਹੈਲੀਕਾਪਟਰ ਤੋਂ ‘ਮੇਅਡੇਅ ਕਾਲ’ ਦਿੱਤੀ ਗਈ ਸੀ। ਦਿੱਲੀ ਵਿਚਲੇ ਫੌਜ ਦੇ ਅਧਿਕਾਰੀਆਂ ਨੇ ਕਿਹਾ, ‘ਹਾਦਸੇ ਤੋਂ ਪਹਿਲਾਂ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੂੰ ਤਕਨੀਕੀ ਜਾਂ ਮਕੈਨਿਕੀ ਨਾਕਾਮੀ ਬਾਰੇ ਮੇਅਡੇਅ ਕਾਲ ਮਿਲੀ ਸੀ।’ ‘ਮੇਅਡੇਅ’ ਹਵਾਈ ਜਹਾਜ਼ ’ਚ ਕੋਈ ਵੱਡਾ ਨੁਕਸ ਪੈਣ ਦੌਰਾਨ ਰੇਡੀਓ ’ਤੇ ਦਿੱਤਾ ਜਾਣ ਵਾਲਾ ਇੱਕ ਐਮਰਜੈਂਸੀ ਸੁਨੇਹਾ ਹੁੰਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਲਈ ਮੌਸਮ ਠੀਕ ਸੀ। ਪਾਇਲਟਾਂ ਕੋਲ ਏਐੱਲਐੱਚ ਉਡਾਉਣ ਦਾ ਸਾਂਝੇ ਤੌਰ ’ਤੇ 600 ਤੋਂ ਵੱਧ ਘੰਟੇ ਦਾ ਤਜਰਬਾ ਸੀ ਅਤੇ ਉਹ 1800 ਤੋਂ ਘੰਟੇ ਤੋਂ ਵੱਧ ਉਡਾਣ ਸੇਵਾਵਾਂ ਦੇ ਚੁੱਕੇ ਸਨ। ਉਨ੍ਹਾਂ ਕਿਹਾ ਕਿ ਹਾਦਸੇ ਦੀ ਕਾਰਨਾਂ ਦੀ ਜਾਂਚ ਦੌਰਾਨ ਇਨ੍ਹਾਂ ਦੋਵਾਂ ਤੱਥਾਂ ’ਤੇ ਧਿਆਨ ਦਿੱਤਾ ਜਾਵੇਗਾ।
ਇਹ ਹਾਦਸਾ ਬੀਤੇ ਦਿਨ ਸਵੇਰੇ 10.45 ਵਜੇ ਹੋਇਆ ਸੀ। ਫੌਜ ਨੇ ਦੱਸਿਆ ਕਿ ਇਸ ਹਾਦਸੇ ’ਚ ਹਲਾਕ ਹੋਏ ਪੰਜ ਜਣਿਆਂ ਮੇਜਰ ਵਿਕਾਸ ਭੰਬੂ, ਮੇਜਰ ਮੁਸਤਫ਼ਾ ਬੋਹਰਾ, ਨਾਇਕ ਰੋਹਿਤਸ਼ਵਾ ਕੁਮਾਰ, ਤਕਨੀਸ਼ੀਅਨ ਅਸ਼ਿਵਨ ਕੇਵੀ ਅਤੇ ਹਵਾਲਦਾਰ ਬਿਰੇਸ਼ ਸਿਨਹਾ ਦੀਆਂ ਲਾਸ਼ਾਂ ਮਿਲ ਗਈਆਂ ਹਨ। ਭਾਰਤ ਦੀਆਂ ਸਾਰੀਆਂ ਸੈਨਾਵਾਂ ਕੋਲ ਏਐੱਲਐੱਚ ਦੀਆਂ ਚਾਰ ਕਿਸਮਾਂ ਏਐੱਲਐੱਚ ਮਾਰਕ 1, ਮਾਰਕ 2, ਮਾਰਕ 3 ਅਤੇ ਏਐੱਲਐੱਚ-ਡਬਲਿਊਐੱਸਆਈ ਹਨ। ਬੀਤੇ ਦਿਨ ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਏਐੱਲਐੱਚ-ਡਬਲਿਊਐੱਸਆਈ ਸੀ।
ਹੈਲੀਕਾਪਟਰ ਹਾਦਸਾ: ਪੰਜਵੇਂ ਜਵਾਨ ਦੀ ਲਾਸ਼ ਮਿਲੀ
ਈਟਾਨਗਰ: ਅਰੁਣਾਚਲ ਪ੍ਰਦੇਸ਼ ਵਿੱਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਮਗਰੋਂ ਲਾਪਤਾ ਆਖਰੀ ਜਵਾਨ ਦੀ ਲਾਸ਼ ਬਰਾਮਦ ਹੋਣ ਪਿੱਛੋਂ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਮਿਗਿੰਗ ਵਿੱਚ ਕੱਲ੍ਹ ਸਵੇਰੇ 10:43 ਵਜੇ ਵਾਪਰੇ ਹਾਦਸੇ ਵੇਲੇ ਹੈਲੀਕਾਪਟਰ ’ਚ ਫ਼ੌਜ ਦੇ ਪੰਜ ਜਵਾਨ ਸਵਾਰ ਸਨ। ਰੱਖਿਆ ਤਰਜਮਾਨ ਲੈਫਟੀਨੈਂਟ ਕਰਨਲ ਏ.ਐੱਸ. ਵਾਲੀਆ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਚੀਨ ਦੀ ਸਰਹੱਦ ਤੋਂ ਲਗਪਗ 35 ਕਿਲੋਮੀਟਰ ਦੂਰ ਹਾਦਸੇ ਵਾਲੀ ਥਾਂ ਤੋਂ ਚਾਰ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਅੱਜ ਇੱਕ ਹੋਰ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾਂ ਦੀ ਪਛਾਣ ਪਾਇਲਟ ਮੇਜਰ ਵਿਕਾਸ ਅਤੇ ਮੇਜਰ ਮੁਸਤਫਾ ਬੋਹਰਾ, ਸੀਐੱਫਐੱਨ ਟੈੱਕ ਏਵੀਐੱਨ (ਏਈਐੱਨ) ਅਸ਼ਵਿਨ ਕੇ.ਵੀ, ਹੌਲਦਾਰ (ਓਪੀਆਰ) ਬੀਰੇਸ਼ ਸਿਨਹਾ ਅਤੇ ਐੱਨ.ਕੇ (ਪੀਪੀਆਰ) ਰੋਹਿਤੇਸ਼ਵ ਕੁਮਾਰ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਹੈਲੀਕਾਪਟਰ ਤੋਂ ਏਅਰ ਟਰੈਫਿਕ ਕੰਟਰੋਲ (ਏਟੀਸੀ) ਰੂਮ ਨੂੰ ਤਕਨੀਕੀ ਖਰਾਬੀ ਬਾਰੇ ਐਮਰਜੈਂਸੀ ਸੰਦੇਸ਼ ਭੇਜਿਆ ਗਿਆ ਸੀ। –ਪੀਟੀਆਈ