ਅਲੀਗੜ੍ਹ (ਉੱਤਰ ਪ੍ਰਦੇਸ਼), 11 ਫਰਵਰੀ
ਉੱਤਰ ਪ੍ਰਦੇਸ਼ ਪੁਲੀਸ ਨੇ ਅਲੀਗੜ੍ਹ ਵਿੱਚ ਕਿਸਾਨਾਂ ਦੀ ਇੱਕ ਮੀਟਿੰਗ ’ਚ ਸ਼ਾਮਲ ਹੋਣ ’ਤੇ ਆਰਐੱਲਡੀ (ਰਾਸ਼ਟਰੀ ਲੋਕ ਦਲ) ਨੇਤਾ ਜੈਅੰਤ ਚੌਧਰੀ ਅਤੇ 5 ਹਜ਼ਾਰ ਹੋਰਨਾਂ ਖ਼ਿਲਾਫ਼ ਮਹਾਮਾਰੀ ਰੋਗ ਕਾਨੂੰਨ (ਈਡੀਏ) ਤਹਿਤ ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਇਹ ਐੱਫਆਈਆਰ ਮੰਗਲਵਾਰ ਰਾਤ 9:30 ਵਜੇ ਦਰਜ ਕੀਤੀ ਗਈ, ਜਿਸ ਜੈਅੰਤ ਚੌਧਰੀ ਸਣੇ 22 ਜਣਿਆਂ ਨੂੰ ਵਿਕਅਤੀਗਤ ਤੌਰ ’ਤੇ ਜਦਕਿ ਬਾਕੀਆਂ ਨੂੰ ਬਿਨਾਂ ਨਾਂ ਤੋਂ ਨਾਮਜ਼ਦ ਕੀਤਾ ਗਿਆ ਹੈ। ਅਲੀਗੜ੍ਹ ਦੇ ਗੋਂਡਾ ਥਾਣੇ ’ਚ ਇੱਕ ਸਥਾਨਕ ਸਬ ਇੰਸਪੈਕਟਰ ਦੀ ਸ਼ਿਕਾਇਤ ’ਤੇ ਦਰਜ ਐੱਫਆਈਆਰ ’ਚ ਕਿਹਾ ਗਿਆ, ‘ਚੌਧਰੀ ਰਾਜ ਸਿੰਘ ਦੀ ਅਗਵਾਈ ਹੇਠ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਪੰਚਾਇਤ, ਜਿੱਥੇ ਪੰਜ ਤੋਂ ਛੇ ਹਜ਼ਾਰ ਲੋਕ ਹਾਜ਼ਰ ਸਨ, ਵਿੱਚ ਆਰਐੱਲਡੀ ਨੇਤਾ ਜੈਅੰਤ ਚੌਧਰੀ ਵੀ ਆਏ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਸਮਰਥਨ ਕੀਤਾ।’ ਇਸ ਵਿੱਚ ਕਿਹਾ ਗਿਆ, ‘ਇਹ ਸਮਾਗਮ ਕੋਵਿਡ-19 ਮਹਾਮਾਰੀ ਦੌਰਾਨ ਕੀਤਾ ਗਿਆ, ਜਿੱਥੇ ਲੋਕ ਬਿਨਾਂ ਮਾਸਕ ਪਹਿਨੇ ਸ਼ਾਮਲ ਹੋਏ ਅਤੇ ਸਮਾਜਿਕ ਦੂਰੀ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਹ ਸੀਆਰਪੀਸੀ 144 ਦੇ ਹੁਕਮਾਂ ਦੀ ਉਲੰਘਣਾ ਹੈ।’ ਦੂਜੇ ਪਾਸੇ ਅੱਜ ਸਵੇਰੇ ਸ੍ਰੀ ਚੌਧਰੀ ਨੇ 5 ਹਜ਼ਾਰ ਲੋਕਾਂ ਖ਼ਿਲਾਫ਼ ਐੱਫਆਈਆਰ ਸਬੰਧੀ ਇੱਕ ਖ਼ਬਰ ਅਟੈਚ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਲੁਕਵਾਂ ਹਵਾਲਾ ਦਿੰਦਿਆਂ ਟਵੀਟ ਕੀਤਾ, ‘ਬਾਬਾ ਕੀ ਸਾਨੂੰ ਦੱਸੋਗੇ ਕਿ ਮੈਂ ਗ੍ਰਿਫ਼ਤਾਰ ਹੋਣ ਲਈ ਕਦੋਂ ਤੇ ਕਿੱਥੇ ਆਵਾਂ।’
-ਪੀਟੀਆਈ