ਮੁੰਬਈ, 29 ਜੁਲਾਈ
ਭੀਮਾ ਕੋਰੇਗਾਓਂ ਅਲਗਾਰ ਪ੍ਰੀਸ਼ਦ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਹੈਨੀ ਬਾਬੂ ਦੀ ਵਿਸ਼ੇਸ਼ ਅਦਾਲਤ ਨੇ ਐਨਆਈਏ ਨੂੰ ਚਾਰ ਅਗਸਤ ਤੱਕ ਹਿਰਾਸਤ ਦੇ ਦਿੱਤੀ ਹੈ। ਬਾਬੂ (54) ਅੰਗਰੇਜ਼ੀ ਵਿਭਾਗ ’ਚ ਐਸੋਸੀਏਟ ਪ੍ਰੋਫੈਸਰ ਹਨ ਤੇ ਉਨ੍ਹਾਂ ਨੂੰ ਮੰਗਲਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਉਨ੍ਹਾਂ ਨੂੰ ਮੁੰਬਈ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੀ ਇਸ ਕੇਸ ਵਿਚ ਸ਼ਮੂਲੀਅਤ ਹੈ। ਇਸ ਤੋਂ ਇਲਾਵਾ ਹੈਨੀ ਬਾਬੂ ’ਤੇ ਸੀਪੀਆਈ (ਮਾਓਇਸਟ) ਨਾਲ ਤਾਲਮੇਲ ਰੱਖਣ ਦਾ ਦੋਸ਼ ਵੀ ਲਾਇਆ ਗਿਆ ਹੈ। ਐਨਆਈਏ ਨੇ ਕਿਹਾ ਕਿ ਜਾਂਚ ਦੌਰਾਨ ਇਲੈਕਟ੍ਰੌਨਿਕ ਵਸਤਾਂ ’ਚੋਂ ਕਈ ਪੱਤਰ ਬਰਾਮਦ ਕੀਤੇ ਗਏ ਹਨ ਜੋ ਕਿ ਪ੍ਰੋਫੈਸਰ ਦੀ ਸ਼ਮੂਲੀਅਤ ਸਾਬਿਤ ਕਰਦੇ ਹਨ। ਬਾਬੂ ਦੇ ਵਕੀਲ ਨੇ ਤਰਕ ਦਿੱਤਾ ਕਿ ਉਸ ਤੋਂ ਏਜੰਸੀ ਪਿਛਲੇ ਚਾਰ-ਪੰਜ ਦਿਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਲਈ ਹੋਰ ਹਿਰਾਸਤ ਦੀ ਲੋੜ ਨਹੀਂ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਨੇ ਦਸਤਾਵੇਜ਼ ਦੇਖਣ ਮਗਰੋਂ ਦਰਜ ਕੀਤਾ ਕਿ ਮੁਲਜ਼ਮ ’ਤੇ ਲਾਏ ਗਏ ਦੋਸ਼ ਗੰਭੀਰ ਹਨ। ਇਸ ਤੋਂ ਬਾਅਦ ਅਦਾਲਤ ਨੇ ਹੈਨੀ ਬਾਬੂ ਦਾ ਏਜੰਸੀ ਨੂੰ ਸੱਤ ਦਿਨਾਂ ਦਾ ਰਿਮਾਂਡ ਦੇ ਦਿੱਤਾ। -ਪੀਟੀਆਈ