ਮੁੰਬਈ, 4 ਅਗਸਤ: ਅਲਗਾਰ ਪ੍ਰੀਸ਼ਦ ਕੇਸ ਵਿਚ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨੀ ਬਾਬੂ ਦੀ ਹਿਰਾਸਤ ਵਿਚ ਵਿਸ਼ੇਸ਼ ਅਦਾਲਤ ਨੇ ਸੱਤ ਅਗਸਤ ਤੱਕ ਵਾਧਾ ਕਰ ਦਿੱਤਾ ਹੈ। ਹਨੀ ਬਾਬੂ ’ਤੇ ਪਾਬੰਦੀ ਅਧੀਨ ਸੰਗਠਨ ਸੀਪੀਆਈ (ਮਾਓਇਸਟ) ਨਾਲ ਤਾਲਮੇਲ ਰੱਖਣ ਦੇ ਦੋਸ਼ ਹਨ। ’ਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਬਾਬੂ ਨੂੰ ਏਜੰਸੀ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ। ਅੱਜ ਬਾਬੂ ਦੀ ਹਿਰਾਸਤ ਮੁੱਕਣ ਉਤੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਹਨੀ ਬਾਬੂ ਦੇ ਈਮੇਲ ਖਾਤੇ ਵਿਚੋਂ 1.26 ਲੱਖ ਮੇਲ ਮਿਲੀਆਂ ਹਨ ਤੇ ਜਾਂਚ-ਪੜਤਾਲ ਜ਼ਰੂਰੀ ਹੈ। ਇਸ ਤੋਂ ਇਲਾਵਾ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਜਿਨ੍ਹਾਂ ਰਾਹੀਂ ਮੁਲਜ਼ਮਾਂ, ਸ਼ੱਕੀਆਂ ਤੇ ਸੰਗਠਨ ਨਾਲ ਹਮਦਰਦੀ ਰੱਖਣ ਵਾਲਿਆਂ ਨਾਲ ਗੱਲਬਾਤ ਹੁੰਦੀ ਰਹੀ ਹੈ, ਬਾਰੇ ਵੀ ਪੜਤਾਲ ਕੀਤੀ ਜਾਣੀ ਹੈ। ਏਜੰਸੀ ਨੇ ਨਾਲ ਹੀ ਕਿਹਾ ਕਿ ਹਨੀ ਬਾਬੂ ਇਕ ਹੋਰ ਮੁਲਜ਼ਮ ਦੇ ਸੰਪਰਕ ਵਿਚ ਸੀ ਤੇ ਉਹ ਫੰਡ ਇਕੱਠਾ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਜਿਹੀਆਂ ਸਾਜ਼ਿਸ਼ਾਂ ਰਚਣ ਦੇ ਮਾਮਲੇ ਸਾਹਮਣੇ ਆਏ ਹਨ ਜੋ ਹਿੰਸਾ ਤੇ ਮੌਤਾਂ ਦਾ ਕਾਰਨ ਬਣੇ ਹਨ। -ਪੀਟੀਆਈ