ਨਵੀਂ ਦਿੱਲੀ, 14 ਮਈ
ਕਰੋਨਾਵਾਇਰਸ ਮਹਾਮਾਰੀ ਕਾਰਨ ਗਹਿਣਾ ਸਨਅਤ ਨੂੰ ਲਗਾਤਾਰ ਦੂਜੇ ਸਾਲ ਅਕਸ਼ੈ ਤ੍ਰਿਤੀਆ ਮੌਕੇ ਵਿਕਰੀ ਵਿਚ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਇਸ ਸਾਲ ਅਕਸ਼ੈ ਤ੍ਰਿਤੀਆ ਉਤੇ ਵਿਕਰੀ ਕੋਵਿਡ ਤੋਂ ਪਹਿਲਾਂ 2019 ਦੇ ਮੁਕਾਬਲੇ ਸਿਰਫ਼ 10 ਪ੍ਰਤੀਸ਼ਤ ਰਹਿ ਗਈ ਹੈ। ਸਥਾਨਕ ਲੌਕਡਾਊਨ ਕਾਰਨ ਗਾਹਕਾਂ ਵੀ ਸੀਮਤ ਹੀ ਆਏ ਹਨ। ਆਮ ਸਾਲ ਵਿਚ ਉਦਯੋਗ ਇਸ ਤਿਉਹਾਰ ਮੌਕੇ ਦਿਨ ਵਿਚ 25-30 ਟਨ ਦਾ ਕਾਰੋਬਾਰ ਕਰਦਾ ਹੈ ਪਰ ਇਸ ਸਾਲ ਮੁਸ਼ਕਲ ਨਾਲ 3-4 ਟਨ ਤੱਕ ਹੀ ਪਹੁੰਚਣ ਦੀ ਉਮੀਦ ਹੈ। ਆਨਲਾਈਨ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਲਿਆਣ ਜਿਊਲਰਜ਼ ਜਿਹੇ ਕੁਝ ਸੰਗਠਿਤ ਕਾਰੋਬਾਰੀਆਂ ਨੇ ਸੋਨੇ ਦੀ ਆਨਲਾਈਨ ਬੁਕਿੰਗ ਕੀਤੀ ਜਿਸ ਨੂੰ ਬਾਅਦ ਵਿਚ ਗਾਹਕਾਂ ਤੱਕ ਪਹੁੰਚਾਇਆ ਜਾਵੇਗਾ। ਸਰਬ ਭਾਰਤੀ ਰਤਨ ਤੇ ਗਹਿਣਾ ਘਰੇਲੂ ਪ੍ਰੀਸ਼ਦ ਦੇ ਪ੍ਰਧਾਨ ਆਸ਼ੀਸ਼ ਪੇਠੇ ਨੇ ਕਿਹਾ ਕਿ ਦੇਸ਼ ਭਰ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਮਹਾਮਾਰੀ ਦੀ ਦੂਜੀ ਲਹਿਰ ਵਿਚ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਕੁੱਲ ਮਿਲਾ ਕੇ ਗਾਹਕਾਂ ਵਿਚ ਨਕਾਰਾਤਮਕ ਭਾਵਨਾ ਪੈਦਾ ਹੋਈ ਹੈ। -ਪੀਟੀਆਈ