ਲਖਨਊ, 29 ਸਤੰਬਰ
ਅਖਿਲੇਸ਼ ਯਾਦਵ ਨੂੰ ਅੱਜ ਲਗਾਤਾਰ ਤੀਜੀ ਵਾਰ ਸਮਾਜਵਾਦੀ ਪਾਰਟੀ ਦਾ ਕੌਮੀ ਪ੍ਰਧਾਨ ਚੁਣ ਲਿਆ ਗਿਆ। ਚੋਣ ਅਧਿਕਾਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ ਨੇ ਸਮਾਜਵਾਦੀ ਪਾਰਸਟੀ ਦੇ ਕੌਮੀ ਸੰਮੇਲਨ ਵਿੱਚ ਉਨ੍ਹਾਂ ਨੂੰ ਨਿਰਵਿਰੋਧ ਪਾਰਟੀ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਕੌਮੀ ਸੰਮੇਲਨ ਵਿੱਚ ਅਖਿਲੇਸ਼ ਯਾਦਵ ਨੂੰ ਹੀ ਲਗਾਤਾਰ ਤੀਜੀ ਵਾਰ ਪਾਰਟੀ ਪ੍ਰਧਾਨ ਚੁਣੇ ਜਾਣ ਦੀ ਮਜ਼ਬੂਤ ਸੰਭਾਵਨਾ ਸੀ। ਪਾਰਟੀ ਵਿੱਚ ਤਤਕਾਲੀ ਕੈਬਨਿਟ ਮੰਤਰੀ ਸ਼ਿਵਪਾਲ ਯਾਦਵ ਨਾਲ ਵਿਵਾਦ ਕਾਰਨ ਪਾਰਟੀ ਦੇ ਝੰਡੇ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਅਦਾਲਤੀ ਲੜਾਈ ਜਿੱਤਣ ਤੋਂ ਬਾਅਦ ਅਖਿਲੇਸ਼ ਯਾਦਵ ਨੂੰ ਪਹਿਲੀ ਜਨਵਰੀ 2017 ਨੂੰ ਐਮਰਜੈਂਸੀ ਕੌਮੀ ਸੰਮੇਲਨ ਸੱਦ ਕੇ ਪਹਿਲੀ ਵਾਰ ਪਾਰਟੀ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਜਗ੍ਹਾ ਪਾਰਟੀ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ। ਉਸ ਤੋਂ ਬਾਅਦ ਅਕਤੂਬਰ 2017 ਨੂੰ ਆਗਰਾ ’ਚ ਨਿਯਮਾਂ ਅਨੁਸਾਰ ਹੋਏ ਕੌਮੀ ਸੰਮੇਲਨ ਵਿੱਚ ਉਨ੍ਹਾਂ ਨੂੰ ਇਕ ਵਾਰ ਫਿਰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਵੇਲੇ ਪਾਰਟੀ ਦੇ ਸੰਵਿਧਾਨ ਵਿੱਚ ਬਦਲਾਅ ਕਰ ਕੇ ਪ੍ਰਧਾਨ ਦਾ ਕਾਰਜਾਕਾਲ ਤਿੰਨ ਸਾਲਾਂ ਤੋਂ ਵਧਾ ਕੇ ਪੰਜ ਸਾਲਾਂ ਦਾ ਕਰ ਦਿੱਤਾ ਗਿਆ ਸੀ। -ਪੀਟੀਆਈ