ਲਖ਼ਨਊ, 1 ਜੁਲਾਈ
ਆਜ਼ਮਗੜ੍ਹ ਤੇ ਰਾਮੁਪਰ ਲੋਕ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਮਗਰੋਂ ਅੱਜ ਪਹਿਲੀ ਮੀਡੀਆ ਕਾਨਫਰੰਸ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਨੂੰ ਵਿਦਿਆਰਥੀਆਂ ਨੂੰ ਲੈਪਟੌਪ ਵੰਡਣ ਦਾ ਚੋਣ ਵਾਅਦਾ ਚੇਤੇ ਕਰਾਇਆ। ਉਨ੍ਹਾਂ ਚੰਗੀਆਂ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਲੈਪਟੌਪ ਵੰਡਣ ਮਗਰੋਂ ਕਿਹਾ, ‘ਕਿਉਂਕਿ ਅਸੀਂ ਸੱਤਾ ਵਿਚ ਨਹੀਂ ਹਾਂ, ਇਸ ਲਈ ਥੋੜ੍ਹੇ ਵਿਦਿਆਰਥੀਆਂ ਨੂੰ ਹੀ ਲੈਪਟੌਪ ਦੇ ਸਕੇ ਹਾਂ। ਤੇ ਇਹ ਇਸ ਲਈ ਦਿੱਤੇ ਗਏ ਹਨ ਕਿ ਸਰਕਾਰ ਨੂੰ ਉਸ ਦਾ ਵਾਅਦਾ ਚੇਤੇ ਕਰਾਇਆ ਜਾ ਸਕੇ।’ ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ। ਆਪਣੇ 49ਵੇਂ ਜਨਮ ਦਿਨ ਮੌਕੇ ਅੱਜ ਸਪਾ ਮੁਖੀ ਨੇ ਮੰਗ ਕੀਤੀ ਕਿ ਭਾਜਪਾ ਸਰਕਾਰ ਵਿਦਿਆਰਥੀਆਂ ਨੂੰ ਦੁਪਹੀਆ ਵਾਹਨ ਵੀ ਮੁਹੱਈਆ ਕਰਵਾਏ।
ਜ਼ਿਕਰਯੋਗ ਹੈ ਕਿ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਵਿਚ ਵਿਦਿਆਰਥੀਆਂ ਨੂੰ ਦੋ ਕਰੋੜ ਟੈਬਲੈਟ ਤੇ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ। ਯਾਦਵ ਨੇ ਨਾਲ ਕਿਹਾ ਕਿ ਉਹ ਆਪਣਾ ਜਨਮ ਦਿਨ ਨਹੀਂ ਮਨਾਉਂਦੇ। ਸਪਾ ਮੁਖੀ ਨੇ ਕਿਹਾ, ‘ਜੋ ਮਨਾਉਂਦੇ ਹਨ ਉਹ ਯਾਦ ਕਰ ਲੈਣ ਕਿ ਉਨ੍ਹਾਂ ਦਾ ਇਕ ਸਾਲ ਘੱਟ ਗਿਆ ਹੈ।’ ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ। ਇਸੇ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕਰ ਕੇ ਅਖਿਲੇਸ਼ ਯਾਦਵ ਨੂੰ ਜਨਮ ਦਿਨ ਦੀ ਵਧਾਈ ਦਿੱਤੀ। -ਪੀਟੀਆਈ