ਲਖਨਊ, 23 ਸਤੰਬਰ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਯੂਪੀ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਭਾਰੀ ਗਿਰਾਵਟ ਆਈ ਹੈ ਪਰ ਉਨ੍ਹਾਂ ਵੱਲੋਂ ਵਰਤੇ ਗਏ ਅੰਕੜਿਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਹਿੰਦੀ ਵਿੱਚ ਟਵੀਟ ਰਾਹੀਂ ਉਨ੍ਹਾਂ ਆਪਣੀ ਪਾਰਟੀ ਦੀ ਸਰਕਾਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਪ੍ਰਤੀ ਵਿਅਕਤੀ ਆਮਦਨ ਇਕ ਤਿਹਾਈ ਘਟੀ ਹੈ। ਅਖਿਲੇਸ਼ ਨੇ ਕਿਹਾ ਕਿ ਉਹ ਗ੍ਰਾਫ ਟੈਗ ਕਰ ਰਿਹਾ ਹੈ, ਜੋ ਵਿੱਤੀ ਸਾਲ 2013 ਤੋਂ ਯੂਪੀ ਦੀ ਪ੍ਰਤੀ ਵਿਅਕਤੀ ਆਮਦਨ ਦੀ ਸਾਲਾਨਾ ਵਿਕਾਸ ਦਰ ਨੂੰ 5 ਫੀਸਦੀ ਤੋਂ ਘਟਾ ਕੇ 1.8 ਫੀਸਦੀ ਦਰਸਾਉਂਦਾ ਹੈ। ਅਖਿਲੇਸ਼ ਨੇ ਅੱਗੇ ਕਿਹਾ,‘ਸਪਾ ਸਰਕਾਰ ਦੀ ਤੁਲਨਾ ਵਿੱਚ ਭਾਜਪਾ ਸਰਕਾਰ ਦੇ ਕਾਰਜਕਾਰਲ ਦੌਰਾਨ ਯੂਪੀ ਵਿੱਚ ਪ੍ਰਤੀ ਵਿਅਕਤੀ ਆਮਦਨ ਦਰ ਇਕ ਤਿਹਾਈ ਹੇਠਾਂ ਆਈ ਹੈ। ਮਹਿੰਗਾਈ ਲਗਾਤਾਰ ਵਧ ਰਹੀ ਹੈ ਪਰ ਬੈਂਕ ਵਿੱਚ ਜਮ੍ਹਾਂ ਰਾਸ਼ੀ ’ਤੇ ਵਿਆਜ ਦਰ ਅੱਧੀ ਰਹਿ ਗਈ ਹੈ।’ ਉਨ੍ਹਾਂ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਇਸ ਨੇ ‘ਅੱਛੇ ਦਿਨਾਂ’ ਦਾ ਵਾਅਦਾ ਕੀਤਾ ਸੀ ਪਰ ਹੁਣ ਇਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਰਥਚਾਰੇ ਦੇ ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ। -ਪੀਟੀਆਈ