ਲਖਨਊ, 22 ਜੂਨ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ’ਤੇ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅਸਲ ਅੰਕੜੇ ਲੁਕਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਮੌਤਾਂ ਦੀ ਅਸਲ ਗਿਣਤੀ ਲੁਕਾ ਕੇ ਅਸਲ ਵਿੱਚ ਭਾਜਪਾ ਸਰਕਾਰ ਆਪਣਾ ਅਸਲ ਚਿਹਰਾ ਲੁਕਾ ਰਹੀ ਹੈ। ਯਾਦਵ ਦਾ ਇਹ ਬਿਆਨ ਉਸ ਰਿਪੋਰਟ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ 24 ਜ਼ਿਲ੍ਹਿਆਂ ਵਿੱਚ ਕੋਵਿਡ-19 ਨਾਲ ਪਹਿਲੀ ਜੁਲਾਈ, 2020 ਤੋਂ 31 ਮਾਰਚ, 2021 ਤੱਕ ਹੋਈਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 43 ਗੁਣਾ ਵੱਧ ਹੈ। ਇਸ ਸਬੰਧੀ ਅੰਕੜੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਇਕੱਠੇ ਕੀਤੇ ਗਏ ਹਨ। ਯਾਦਵ ਨੇ ਟਵੀਟ ਕੀਤਾ, ‘ਸੂਚਨਾ ਦੇ ਅਧਿਕਾਰ ਐਕਟ ਤਹਿਤ ਇਕੱਠੀ ਕੀਤੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਉੱਤਰ ਪ੍ਰਦੇਸ਼ ਦੇ 24 ਜ਼ਿਲ੍ਹਿਆਂ ਵਿੱਚ ਕਰੋਨਾਵਾਇਰਸ ਦੇ ਨੌਂ ਮਹੀਨਿਆਂ ਦੌਰਾਨ ਸਰਕਾਰੀ ਅੰਕੜਿਆਂ ਤੋਂ 43 ਗੁਣਾਂ ਵੱਧ ਮੌਤਾਂ ਹੋਈਆਂ ਹਨ। ਅਸਲ ਵਿੱਚ ਭਾਜਪਾ ਸਰਕਾਰ ਮੌਤਾਂ ਦੇ ਅੰਕੜੇ ਨਹੀਂ, ਸਗੋਂ ਆਪਣਾ ਅਸਲ ਚਿਹਰਾ ਛੁਪਾ ਰਹੀ ਹੈ।’ -ਪੀਟੀਆਈ