ਨਵੀਂ ਦਿੱਲੀ, 10 ਨਵੰਬਰ
ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਨੇ ਅੱਜ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਪੱਤਰਕਾਰ ਪ੍ਰਿਆ ਰਮਾਨੀ ਨੇ ‘ਮਾਣਹਾਨੀ’ ਵਾਲੇ ਬਿਆਨ ਲੋਕ ਹਿੱਤ ਵਿਚ ਨਹੀਂ ਦਿੱਤੇ ਬਲਕਿ ਬਦਲਾ ਲੈਣ ਲਈ ਦਿੱਤੇ ਸਨ। ਜ਼ਿਕਰਯੋਗ ਹੈ ਕਿ ਅਕਬਰ ਨੇ ਰਮਾਨੀ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਹੋਇਆ ਹੈ ਤੇ ਅੱਜ ਉਨ੍ਹਾਂ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਬਿਆਨ ਦਰਜ ਕਰਵਾਏ। ‘ਮੀ ਟੂ’ ਮੁਹਿੰਮ ਚੱਲਣ ’ਤੇ ਰਮਾਨੀ ਨੇ 2018 ਵਿਚ ਅਕਬਰ ’ਤੇ ਜਿਨਸੀ ਦੁਰਵਿਹਾਰ ਦੇ ਦੋਸ਼ ਲਾਏ ਸਨ ਜੋ ਕਿ ਕਥਿਤ ਤੌਰ ਉਤੇ 20 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਸਾਬਕਾ ਮੰਤਰੀ ਦੀ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਰਮਾਨੀ ਨੇ ਆਪਣੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਨਾ ਤਾਂ ਕੋਈ ਲੈਂਡਲਾਈਨ ਰਿਕਾਰਡ, ਨਾ ਪਾਰਕਿੰਗ ਰਸੀਦਾਂ ਤੇ ਨਾ ਕੋਈ ਹੋਰ ਸਮੱਗਰੀ ਅਦਾਲਤ ਨੂੰ ਦਿੱਤੀ ਹੈ। ਦੱਸਣਯੋਗ ਹੈ ਕਿ ਦੋਸ਼ਾਂ ਤੋਂ ਬਾਅਦ ਅਕਬਰ ਨੇ ਕੇਂਦਰੀ ਮੰਤਰੀ ਵਜੋਂ 2018 ਵਿਚ ਹੀ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ