ਨਵੀਂ ਦਿੱਲੀ, 15 ਜੂਨ
ਰਾਸ਼ਟਰਪਤੀ ਚੋਣਾਂ ਵਿੱਚ ਐੱਨਡੀਏ ਖ਼ਿਲਾਫ਼ ਸਾਂਝਾ ਉਮੀਦਵਾਰ ਖੜ੍ਹਾ ਕਰਨ ਬਾਰੇ ਸਹਿਮਤੀ ਬਣਾਉਣ ਲਈ ਟੀਐੱਮਸੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਘੱਟੋ-ਘੱਟ 17 ਪਾਰਟੀਆਂ ਨੇ ਸ਼ਿਰਕਤ ਕੀਤੀ। ਟੀਆਰਐੱਸ, ਬੀਜੇਡੀ, ਆਪ ਅਤੇ ਅਕਾਲੀ ਦਲ ਦਾ ਕੋਈ ਨੇਤਾ ਮੀਟਿੰਗ ਵਿੱਚ ਨਾ ਪੁੱਜਿਆ। ਬੈਨਰਜੀ ਨੇ ਪਿਛਲੇ ਹਫ਼ਤੇ ਸੱਤ ਮੁੱਖ ਮੰਤਰੀਆਂ ਸਮੇਤ 19 ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 18 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੌਮੀ ਰਾਜਧਾਨੀ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ। ਮੀਟਿੰਗ ਵਿੱਚ ਬੁਲਾਏ ਗਏ ਪਾਰਟੀ ਆਗੂਆਂ ਵਿੱਚ ਅਰਵਿੰਦ ਕੇਜਰੀਵਾਲ (ਆਪ), ਨਵੀਨ ਪਟਨਾਇਕ (ਬੀਜੇਡੀ), ਕੇ ਚੰਦਰਸ਼ੇਖਰ ਰਾਓ (ਟੀਆਰਐੱਸ), ਐਮਕੇ ਸਟਾਲਿਨ (ਡੀਐੱਮਕੇ), ਊਧਵ ਠਾਕਰੇ (ਸ਼ਿਵ ਸੈਨਾ), ਹੇਮੰਤ ਸੋਰੇਨ (ਜੇਐੱਮਐੱਮ), ਅਖਿਲੇਸ਼ ਯਾਦਵ (ਸਪਾ), ਡੀ. ਰਾਜਾ (ਸੀਪੀਆਈ), ਸ਼ਰਦ ਪਵਾਰ (ਐੱਨਸੀਪੀ), ਲਾਲੂ ਪ੍ਰਸਾਦ (ਆਰਜੇਡੀ), ਜਯੰਤ ਚੌਧਰੀ (ਆਰਐੱਲਡੀ), ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਅਤੇ ਐੱਚਡੀ ਕੁਮਾਰਸਵਾਮੀ (ਜੇਡੀ-ਐੱਸ), ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ), ਮਹਬਿੂਬਾ ਮੁਫਤੀ (ਪੀਡੀਪੀ), ਸੁਖਬੀਰ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ), ਪਵਨ ਚਾਮਲਿੰਗ (ਸਿੱਕਮ ਡੈਮੋਕਰੇਟਿਕ ਫਰੰਟ), ਕੇਐੱਮ ਕਾਦਰ ਮੋਹੀਦੀਨ (ਆਈਯੂਐੱਮਐਲ) ਸ਼ਾਮਲ ਹਨ। ਕੁੱਝ ਪਾਰਟੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ,ਜਿਨ੍ਹਾਂ ਵਿੱਚ, ਬਸਪਾ ਅਤੇ ਏਆਈਐੱਮਆਈਐੱਮ ਸ਼ਾਮਲ ਹਨ।