ਨਵੀਂ ਦਿੱਲੀ, 14 ਦਸੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ‘ਕਿਸਾਨ ਵਿਰੋਧੀ ਮਾਨਸਿਕਤਾ’ ਕਰਕੇ ਹੁਣ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਲਾਂਭੇ ਨਹੀਂ ਕਰ ਸਕੇ। ਪ੍ਰਿਯੰਕਾ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ, ‘‘ਕੋਰਟ ਦੀ ਝਾੜਝੰਬ ਤੇ ਸੱਤਿਆਗ੍ਰਹਿ ਕਰਕੇ ਹੁਣ ਪੁਲੀਸ ਵੀ ਕਹਿਣ ਲੱਗੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਦਰੜਿਆ ਸੀ।’’ ਪ੍ਰਿਯੰਕਾ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਸਾਜ਼ਿਸ਼ ਪਿੱਛੇ ਗ੍ਰਹਿ ਰਾਜ ਮੰਤਰੀ ਦੀ ਕੀ ਭੂਮਿਕਾ ਸੀ, ਪਰ ਨਰਿੰਦਰ ਮੋਦੀ ਜੀ ਨੇ ਆਪਣੀ ਕਿਸਾਨ ਵਿਰੋਧੀ ਮਾਨਸਿਕਤਾ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਹੀ ਨਹੀਂ ਹਟਾਇਆ।’’ ਪ੍ਰਿਯੰਕਾ ਨੇ ਮਗਰੋਂ ਇਕ ਹੋਰ ਟਵੀਟ ’ਚ ਕਿਹਾ, ‘‘ਮੋਦੀ ਜੀ ਕਿਸਾਨਾਂ ਨੇ ਤੁਹਾਡੀਆਂ ਖੋਖਲੀਆਂ ਗੱਲਾਂ ਨਹੀਂ ਸੁਣਨੀਆਂ। ਪ੍ਰਧਾਨ ਮੰਤਰੀ ਹੋਣ ਦੇ ਨਾਤੇ ਆਪਣੀਆਂ ਸੰਵਿਧਾਨਕ ਤੇ ਨੈਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਲਖੀਮਪੁਰ ਕਿਸਾਨ ਨਸਲਕੁਸ਼ੀ ਦੀ ਸਾਜ਼ਿਸ਼ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਭੂਮਿਕਾ ਦੀ ਬਿਨਾਂ ਦੇਰੀ ਜਾਂਚ ਸ਼ੁਰੂ ਕਰਵਾ ਕੇ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ।’’ -ਪੀਟੀਆਈ