ਨਵੀਂ ਦਿੱਲੀ, 14 ਜੁਲਾਈ
ਭਾਰਤ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਸੇਵਾ ਕੰਪਨੀ ਭਾਰਤੀ ਏਅਰਟੈੱਲ ਨੇ ਅੱਜ ਅਮਰੀਕੀ ਟੈਲੀਕੌਮ ਕੰਪਨੀ ਵੈਰੀਜ਼ੋਨ ਦੇ ਸਹਿਯੋਗ ਨਾਲ ਵੀਡੀਓ ਕਾਨਫਰੰਸ ਮੰਚ ‘ਏਅਰਟੈੱਲ ਬਲੂ ਜੀਨਜ਼’ ਲਾਂਚ ਕਰਨ ਦਾ ਐਲਾਨ ਕੀਤਾ ਹੈ। ਏਅਰਟੈੱਲ ਦੇ ਭਾਰਤ ਤੇ ਦੱਖਣੀ ਏਸ਼ੀਆ ਬਾਰੇ ਸੀਈਓ ਗੋਪਾਲ ਵਿੱਟਲ ਨੇ ਕਿਹਾ, ‘ਏਅਰਟੈੱਲ ਬਲੂ ਜੀਨਜ਼ ਪੂਰੀ ਤਰ੍ਹਾਂ ਸੁਰੱਖਿਅਤ ਮੰਚ ਹੈ ਅਤੇ ਅਸੀਂ ਆਪਣੇ ਖਪਤਕਾਰਾਂ ਦੀ ਨਿੱਜਤਾ ਦੀ ਸੁਰੱਖਿਆ ਲਈ ਵਚਨਬੱਧ ਹਾਂ।’ ਇਸੇ ਦੌਰਾਨ ਟੈਲੀਕੌਮ ਟ੍ਰਿਬਿਊਨਲ ਟੀਡੀਸੈਟ ਨੇ ਵੋਡਾਫੋਨ-ਆਈਡੀਆ ਦੇ ਪ੍ਰੀਮੀਅਮ ਪਲਾਨ ਨੂੰ ਲੈ ਕੇ ਟਰਾਈ ਵੱਲੋਂ ਜਾਰੀ ਹਦਾਇਤਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਟੀਡੀਸੈਟ ਵੱਲੋਂ ਮਾਮਲੇ ਦੀ ਸੁਣਵਾਈ 16 ਜੁਲਾਈ ਨੂੰ ਕੀਤੀ ਜਾਵੇਗੀ। ਵੋਡਾਫੋਨ ਆਈਡੀਆ ਨੇ ਟਰਾਈ ਦੀਆਂ ਹਦਾਇਤਾਂ ਖ਼ਿਲਾਫ਼ ਟ੍ਰਿਬਿਊਨਲ ਤੱਕ ਪਹੁੰਚ ਕੀਤੀ ਸੀ।
-ਪੀਟੀਆਈ