ਨਵੀਂ ਦਿੱਲੀ, 21 ਮਾਰਚ
ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਜਨਵਰੀ ਮਹੀਨੇ ਵਿਚ ਸਰਗਰਮ ਗਾਹਕਾਂ ਦੀ ਗਿਣਤੀ ਵਿਚ 69 ਲੱਖ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਏਅਰਟੈੱਲ ਨੇ ਬਾਜ਼ਾਰ ਵਿਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਦੇ ਸਰਗਰਮ ਕੁਨੈਕਸ਼ਨਾਂ ਦੀ ਗਿਣਤੀ ਵਿੱਚ 34 ਲੱਖ ਦੀ ਕਮੀ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਏਅਰਟੈੱਲ ਦੇ ਸਰਗਰਮ ਗਾਹਕਾਂ ਦੀ ਗਿਣਤੀ 33.6 ਕਰੋੜ ਹੋ ਗਈ ਹੈ। ਰਿਪੋਰਟ ਮੁਤਾਬਕ ਭਾਰਤੀ ਤੇ ਜੀਓ ਦੇ ਗਾਹਕਾਂ ਦੀ ਗਿਣਤੀ ਕਰੀਬ ਬਰਾਬਰ ਸੀ ਪਰ ਜਨਵਰੀ ਵਿੱਚ ਭਾਰਤੀ ਨਾਲ 69 ਲੱਖ ਗਾਹਕ ਹੋਰ ਜੁੜ ਗਏ ਤੇ ਇਹ ਗਿਣਤੀ 33.6 ਕਰੋੜ ’ਤੇ ਪੁੱਜ ਗਈ। ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 34 ਲੱਖ ਘਟ ਕੇ 32.5 ਕਰੋੜ ਰਹਿ ਗਈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਜੀਓ ਗਾਹਕਾਂ ਦੀ ਗਿਣਤੀ 32 ਲੱਖ ਵਧੀ ਸੀ ਤੇ ਨਵੰਬਰ ਵਿੱਚ ਕੰਪਨੀ ਨਾਲ 54 ਲੱਖ ਨਵੇਂ ਗਾਹਕ ਜੁੜੇ ਸਨ।