ਨਵੀਂ ਦਿੱਲੀ, 14 ਨਵੰਬਰ
ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ (ਏਏਆਈ) ਵੱਲੋਂ ਅਗਲੇ ਵਿੱਤੀ ਵਰ੍ਹੇ ’ਚ 9.9 ਕਰੋੜ ਰੁਪਏ ਦੀ ਲਾਗਤ ਨਾਲ ਡਰੋਨਾਂ ਦੇ ਟਾਕਰੇ ਲਈ ਦੋ ਪ੍ਰਣਾਲੀਆਂ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਏਏਆਈ ਵੱਲੋਂ ਜਾਰੀ ਦਸਤਾਵੇਜ਼ਾਂ ਮੁਤਾਬਕ ਡਰੋਨਾਂ ਦਾ ਪਤਾ ਲਾਉਣ, ਉਸ ਦੀ ਪਛਾਣ ਅਤੇ ਡੇਗਣ ਲਈ ਮਲਟੀ-ਸੈਂਸਰ ਆਧਾਰਿਤ ਪ੍ਰਣਾਲੀਆਂ ਲੋੜੀਂਦੀਆਂ ਹਨ।
ਜ਼ਿਕਰਯੋਗ ਹੈ ਕਿ ਜੂਨ ’ਚ ਸਰਹੱਦ ਪਾਰੋਂ ਆਏ ਡਰੋਨਾਂ ਨੇ ਜੰਮੂ ਹਵਾਈ ਅੱਡੇ ’ਤੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ’ਤੇ ਦੋ ਬੰਬ ਸੁੱਟੇ ਸਨ। ਇਸ ਹਮਲੇ ’ਚ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਜੰਮੂ ਹਮਲੇ ’ਤੇ ਪ੍ਰਤੀਕਰਮ ਦਿੰਦਿਆਂ ਡਰੋਨ ਫੈਡਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਸਮਿਤ ਸ਼ਾਹ ਨੇ ਕਿਹਾ ਸੀ ਕਿ ਭਾਰਤ ਨੂੰ ਡਰੋਨਾਂ ਦੇ ਟਾਕਰੇ ਲਈ ਖੋਜ ਅਤੇ ਤਕਨਾਲੋਜੀ ’ਚ ਵਧੇਰੇ ਨਿਵੇਸ਼ ਦੀ ਲੋੜ ਹੈ ਅਤੇ ਉਸ ਨੂੰ ਇਸ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਸਿੱਝਣ ਲਈ ਯੋਜਨਾਬੱਧ ਢੰਗ ਨਾਲ ਖ਼ਰੀਦ ਕਰਨੀ ਪਵੇਗੀ।
ਏਏਆਈ ਨੇ ਨੀਤੀ ਨਿਰਧਾਰਣ ਦਸਤਾਵੇਜ਼ ’ਚ ਕਿਹਾ ਹੈ ਕਿ ਦਿੱਲੀ ਅਤੇ ਮੁੰਬਈ ਵਰਗੇ ਕਈ ਵੱਡੇ ਹਵਾਈ ਅੱਡਿਆਂ ’ਤੇ ਡਰੋਨ ਨਜ਼ਰ ਆਏ ਹਨ ਜਿਸ ਕਾਰਨ ਉਡਾਣਾਂ ਦੀ ਸੁਰੱਖਿਆ ਲਈ ਖ਼ਤਰੇ ਖੜ੍ਹੇ ਹੋ ਗਏ ਹਨ। ਡਰੋਨਾਂ ਕਾਰਨ ਅਤਿ ਮਹੱਤਵਪੂਰਨ ਵਿਅਕਤੀਆਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਵਧ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਡਰੋਨਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਕ ਅੰਦਾਜ਼ੇ ਮੁਤਾਬਕ ਦੇਸ਼ ’ਚ ਕਰੀਬ 4 ਤੋਂ 6 ਲੱਖ ਡਰੋਨ ਹਨ। ਡਰੋਨਾਂ ’ਚ ਵਰਤੇ ਜਾਂਦੇ ਅਹਿਮ ਪੁਰਜ਼ੇ ਚੀਨ ਅਤੇ ਹੋਰ ਕਈ ਮੁਲਕਾਂ ਤੋਂ ਮੰਗਵਾਏ ਜਾਂਦੇ ਹਨ। -ਪੀਟੀਆਈ