ਨਵੀਂ ਦਿੱਲੀ, 3 ਨਵੰਬਰ
ਦਿੱਲੀ ਦੀ ਫਿਜ਼ਾ ‘ਅਤਿ ਮਾੜੇ’ ਦਰਜੇ ਦੀ ਹੋਣ ਤੋਂ ਰੋਕਣ ਲਈ ਕੇਂਦਰੀ ਪੈਨਲ ਨੇ ਅਧਿਕਾਰੀਆਂ ਨੂੰ ਅੱਜ ਦਿੱਲੀ ਐਨਸੀਆਰ ਵਿੱਚ ਹਲਕੇ ਡੀਜ਼ਲ ਵਾਹਨਾਂ ’ਤੇ ਪਾਬੰਦੀਆਂ ਲਾਉਣ ਅਤੇ ਕੌਮੀ ਰਾਜਧਾਨੀ ਵਿੱਚ ਟਰੱਕਾਂ ਦੇ ਦਾਖਲੇ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਵਿੱਚ ਹਵਾ ਦਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਅਤਿ ਗੰਭੀਰ’ ਸ਼੍ਰੇਣੀ ਤੋਂ ਮਹਿਜ਼ ਇੱਕ ਡਿਗਰੀ ਘੱਟ ਹੈ। ਹਾਲਾਂਕਿ, ਬੀਐਸ-6 ਮਾਨਕ ਵਾਲੇ ਵਾਹਨਾਂ , ਲੋੜੀਂਦੀ ਸਮੱਗਰੀ ਦੀ ਢੋਆ ਢੁਆਈ ਅਤੇ ਆਪਾਤਕਾਲ ਸੇਵਾਵਾਂ ’ਤੇ ਲੱਗੇ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬਾ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ, ਗੈਰ ਜ਼ਰੂਰੀ ਵਪਾਰਕ ਸਰਗਰਮੀਆਂ ਅਤੇ ਜਿਸਤ- ਟਾਂਕ ਅਧਾਰ ’ਤੇ ਵਾਹਨਾਂ ਨੂੰ ਇਜਾਜ਼ਤ ਦੇਣ ਬਾਰੇ ਫੈਸਲਾ ਲੈ ਸਕਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵਰਕ ਫਰਾਮ ਹੋਮ ਬਾਰੇ ਫੈਸਲਾ ਕਰ ਸਕਦੀਆਂ ਹਨ।
ਇਸ ਦੇ ਨਾਲ ਹੀ ਪੈਨਲ ਨੇ ਦਿੱਲੀ ਵਿੱਚ ਰਜਿਸਟਰਡ ਦਰਮਿਆਨੇ ਅਤੇ ਭਾਰੀ ਡੀਜ਼ਲ ਵਾਹਨਾਂ ’ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ ਹੈ। ਇਲੈਕਟ੍ਰਿਕ ਅਤੇ ਸੀਐਨਜੀ ਟਰੱਕਾਂ ਨੂੰ ਛੱਡ ਕੇ ਦੂਜੇ ਟਰੱਕਾਂ ’ਤੇ ਵੀ ਪਾਬੰਦੀ ਲਗਾਈ ਗਈ ਹੈ ਪਰ ਜ਼ਰੂਰੀ ਸਾਮਾਨ ਲਿਜਾਣ ਵਾਲਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਿੱਤੇ ਵਿੱਚ ਦੂਸ਼ਿਤ ਈਂਧਣ ’ਤੇ ਚੱਲਣ ਵਾਲੀਆਂ ਸਨਅਤਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦਿੱਲੀ ਵਿੱਚ ਬੁੱਧਵਾਰ ਨੂੰ 24 ਘੰਟੇ ਦਾ ਹਵਾ ਗੁਣਵੱਤਾ ਸੂਚਕ ਅੰਕ 450 ਦਰਜ ਕੀਤਾ ਗਿਆ ਹੈ। 400 ਤੋਂ ਵਧ ਏਕਿਊਆਈ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ ਅਤੇ ਉਸ ਤੋਂ ਵਧ ਨੂੰ ‘ਅਤਿ ਗੰਭੀਰ’ ਮੰਨਿਆ ਜਾਂਦਾ ਜਿਸ ਦਾ ਸਿਹਤ ’ਤੇ ਮਾਰੂ ਅਸਰ ਪੈਂਦਾ ਹੈ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। -ਏਜੰਸੀ