ਨਵੀਂ ਦਿੱਲੀ, 23 ਸਤੰਬਰ
ਖੋਜੀਆਂ ਨੇ ਕਿਹਾ ਹੈ ਕਿ ਜੀਵਨ ਦੇ ਪਹਿਲੇ ਪੰਜ ਸਾਲਾਂ ਦੌਰਾਨ ਹਵਾ ਪ੍ਰਦੂਸ਼ਣ ਬੱਚਿਆਂ ਵਿਚ ਦਿਮਾਗੀ ਵਿਗਾੜ ਦਾ ਕਾਰਨ ਬਣ ਸਕਦਾ ਹੈ। ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਕਣਾਂ (ਪੀਐਮ2.5) ਦੇ ਬੱਚਿਆਂ ’ਤੇ ਪੈਣ ਵਾਲੇ ਅਜਿਹਾ ਅਸਰਾਂ ਦਾ ਅਧਿਐਨ ਪਹਿਲੀ ਵਾਰ ਕੀਤਾ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦਾ ਅਸਰ ਕੁੱਖ ਵਿਚ ਪਲ ਰਹੇ ਬੱਚੇ ਦੇ ਦਿਮਾਗ ’ਤੇ ਵੀ ਪੈ ਸਕਦਾ ਹੈ। ਦਿਮਾਗੀ ਢਾਂਚੇ ਵਿਚ ਤਬਦੀਲੀਆਂ ਆਉਣ ਕਾਰਨ ਬੱਚਿਆਂ ਨੂੰ ਵਧਦੀ ਉਮਰ ਦੌਰਾਨ ਮਨੋਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਨੇ ਹਵਾ ਪ੍ਰਦੂਸ਼ਣ ਦੇ ਬੱਚਿਆਂ ਉਤੇ ਪੈਣ ਵਾਲੇ ਅਸਰਾਂ ਨੂੰ 8.5 ਸਾਲ ਦੀ ਉਮਰ ਤੋਂ ਬਾਅਦ ਮਹੀਨਾ-ਦਰ-ਮਹੀਨਾ ਦੇਖਿਆ। ਇਹ ਅਧਿਐਨ ਜਰਨਲ ‘ਇਨਵਾਇਰਮੈਂਟਲ ਪਲਿਊਸ਼ਨ’ ਵਿਚ ਪ੍ਰਕਾਸ਼ਿਤ ਹੋਇਆ ਹੈ।
ਖੋਜੀਆਂ ਨੇ ਕਿਹਾ ਹੈ ਕਿ ਪੰਜ ਸਾਲ ਤੋਂ ਥੱਲੇ ਜਿੰਨਾ ਵੱਧ ਬੱਚਾ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਹੋਵੇਗਾ, ਦਿਮਾਗੀ ਢਾਂਚੇ ਵਿਚ ਤਬਦੀਲੀ ਦੀ ਸੰਭਾਵਨਾ ਵਧਦੀ ਜਾਵੇਗੀ। ਇਹ ਖੋਜ ਬਾਰਸੀਲੋਨਾ ਇੰਸਟੀਚਿਊਟ ਆਫ਼ ਗਲੋਬਲ ਹੈਲਥ ਦੀ ਟੀਮ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦਰਜ ਕੀਤਾ ਹੈ ਕਿ ਸ਼ਿਜੋਫਰੇਨੀਆ, ਆਟਿਜ਼ਮ ਜਿਹੇ ਮਨੋਰੋਗ ਹਵਾ ਪ੍ਰਦੂਸ਼ਣ ਕਾਰਨ ਹੋ ਸਕਦੇ ਹਨ। -ਆਈਏਐੱਨਐੱਸ