ਨਵੀਂ ਦਿੱਲੀ: ਟਾਟਾ ਸੰਨਜ਼, 90 ਸਾਲ ਪਹਿਲਾਂ ਸਥਾਪਿਤ ਹੋਈ ਏਅਰ ਇੰਡੀਆ ਨੂੰ ਵਾਪਸ ਆਪਣੇ ਹੱਥ ਲੈ ਲਵੇਗੀ ਕਿਉਂਕਿ ਕਰਜ਼ੇ ਨਾਲ ਜੂਝ ਰਹੇ ਸਰਕਾਰੀ ਏਅਰਲਾਈਨ ਹਾਸਲ ਕਰਨ ਲਈ ਇਸ ਨੇ 18,000 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਲਾਈ ਸੀ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੂਹਿਨ ਕਾਂਤਾ ਪਾਂਡੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟੈਲੇਸ ਪ੍ਰਾਈਵੇਟ ਲਿਮਟਿਡ, ਜੋ ਸਾਲਟ-ਟੂ-ਸੌਫਟਵੇਅਰ ਸਮੂਹ ਦੀ ਹੋਲਡਿੰਗ ਕੰਪਨੀ ਦੀ ਇਕਾਈ ਹੈ, ਨੇ ਏਅਰ ਇੰਡੀਆ ਲਈ 2,700 ਕਰੋੜ ਰੁਪਏ ਨਕਦ ਅਤੇ 15,300 ਕਰੋੜ ਰੁਪਏ ਦੀ ਕਰਜ਼ੇ ਦੀ ਦੇਣਦਾਰੀ ਆਪਣੇ ਸਿਰ ਲੈ ਲਈ ਹੈ। ਪਾਂਡੇ ਨੇ ਦੱਸਿਆ ਕਿ ਟਾਟਾ ਨੇ ਸਪਾਈਸਜੈੱਟ ਦੇ ਪ੍ਰਮੋਟਰ ਅਜੇ ਸਿੰਘ ਨੂੰ ਮਾਤ ਦਿੱਤੀ ਹੈ ਜਿਸ ਨੇ 15 ਹਜ਼ਾਰ ਇਕ ਸੌ ਕਰੋੜ ਦੀ ਬੋਲੀ ਲਗਾਈ ਸੀ। ਹਾਲਾਂਕਿ ਸਰਕਾਰ ਨੇ ਘਾਟੇ ਵਿੱਚ ਚੱਲ ਰਹੀ ਇਸ ਕੰਪਨੀ ਲਈ 12,906 ਕਰੋੜ ਦੀ ਰਕਮ ਮਿੱਥੀ ਸੀ। ਦਸੰਬਰ ਤੱਕ ਲੈਣ-ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਲੈਣ-ਦੇਣ ਦੇ ਨਿਯਮਾਂ ਮੁਤਾਬਕ ਟਾਟਾ ਇਕ ਸਾਲ ਤੱਕ ਕਿਸੇ ਮੁਲਾਜ਼ਮ ਦੀਆਂ ਸੇਵਾਵਾਂ ਖ਼ਤਮ ਨਹੀਂ ਕਰ ਸਕਦਾ ਪਰ ਉਨ੍ਹਾਂ ਨੂੰ ਵੀਆਰਐਸ ਦੀ ਪੇਸ਼ਕਸ਼ ਕਰ ਸਕਦਾ ਹੈ। ਉਨ੍ਹਾਂ ਨੂੰ ਰਲੇਵੇਂ ਦੀ ਖੁੱਲ੍ਹ ਹੋਵੇਗੀ ਪਰ ਏਅਰ ਇੰਡੀਆ ਦਾ ਬਰਾਂਡ ਜਾਂ ਲੋਗੋ ਪੰਜ ਵਰ੍ਹਿਆਂ ਤੱਕ ਵੇਚਿਆ ਨਹੀਂ ਜਾ ਸਕਦਾ। 2003-04 ਤੋਂ ਬਾਅਦ ਇਹ ਪਹਿਲਾ ਨਿੱਜੀਕਰਨ ਹੋਵੇਗਾ। ਇਸੇ ਦੌਰਾਨ ਟਾਟਾ ਨੇ ਇਕ ਬਿਆਨ ਵਿੱਚ ਕਿਹਾ,‘ ਟਾਟਾ ਸਮੂਹ ਦਾ ਏਅਰ ਇੰਡੀਆ ਲਈ ਬੋਲੀ ਜਿੱਤਣਾ ਵੱਡੀ ਖ਼ਬਰ ਹੈ।’ ਇਸੇ ਦੌਰਾਨ ਏਅਰ ਇੰਡੀਆ ਬੋਇੰਗ ਫਲੀਟ ਪਾਇਲਟਾਂ ਦੀ ਇਕਾਈ ਇੰਡੀਅਨ ਐਵੀਏਸ਼ਨ ਗਿਲਡ ਨੇ ਟਾਟਾ ਵੱਲੋਂ ਕੰਪਨੀ ਨੂੰ ਆਪਣੇ ਹੱਥਾਂ ਵਿੱਚ ਲੈਣ ਦੇ ਫ਼ੈਸਲੇ ਦਾ ਸਵਾਗਤ ਕੀਤਾ। -ਪੀਟੀਆਈ