ਨਵੀਂ ਦਿੱਲੀ, 15 ਅਪਰੈਲ
ਭਾਰਤੀ ਹਵਾਈ ਸੈਨਾ ਦੇ ਸਿਖਰਲੇ ਕਮਾਂਡਰਾਂ ਦੇ ਤਿੰਨ ਰੋਜ਼ਾ ਸੰਮੇਲਨ ਦੇ ਪਹਿਲੇ ਦਿਨ ਅੱਜ ਅਸਲ ਕੰਟਰੋਲ ਰੇਖਾ (ਐੱਲਏਸੀ) ਸਮੇਤ ਭਾਰਤ ਨੂੰ ਦਰਪੇਸ਼ ਵੱਖ ਵੱਖ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਹਵਾਈ ਸੈਨਾ ਹੈੱਡ ਕੁਆਰਟਰ ’ਚ ਕਮਾਂਡਰਾਂ ਦੇ ਛਿਮਾਹੀ ਸੰਮੇਲਨ ਦਾ ਉਦਘਾਟਨ ਕੀਤਾ।
ਰੱਖਿਆ ਮੰਤਰੀ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੂਰਬੀ ਲੱਦਾਖ ’ਚ ਚੀਨ ਦੀਆਂ ਗਤੀਵਿਧੀਆਂ ਨੂੰ ਸਹੀ ਸਮੇਂ ’ਤੇ ਢੁੱਕਵਾਂ ਜਵਾਬ ਦੇਣ ਲਈ ਭਾਰਤੀ ਹਵਾਈ ਸੈਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੀਨ ਨੇ ਪਿਛਲੇ ਸਾਲ ਅਸਲ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਸੰਕਟ ਦੇ ਸਮੇਂ ਭਾਰਤੀ ਹਵਾਈ ਸੈਨਾ ਨੇ ਭਾਰਤੀ ਥਲ ਸੈਨਾ ਨੂੰ ਹਰ ਸੰਭਵ ਮਦਦ ਤੁਰੰਤ ਮੁਹੱਈਆ ਕੀਤੀ। ਉਨ੍ਹਾਂ ਇਸ ਸਮੇਂ ਹਵਾਈ ਸੈਨਾ ਦੇ ਕਮਾਂਡਰਾਂ ਨੂੰ ਲੰਮੇ ਸਮੇਂ ਲਈ ਯੋਜਨਾਵਾਂ ਬਣਾਉਣ ਦੀ ਸਲਾਹ ਦਿੱਤੀ ਤਾਂ ਜੋ ਕਿਸੇ ਵੀ ਭਵਿੱਖੀ ਖਤਰੇ ਨਾਲ ਨਜਿੱਠਿਆ ਜਾ ਸਕੇ। ਕਮਾਂਡਰਾਂ ਨੇ ਪੂਰਬੀ ਲੱਦਾਖ ’ਚ ਐੱਲਏਸੀ ਦੀ ਸਥਿਤੀ ਸਮੇਤ ਭਾਰਤ ਨੂੰ ਦਰਪੇਸ਼ ਸਾਰੀਆਂ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਕੀਤੀ। ਸੰਮੇਲਨ ’ਚ ਕਮਾਂਡਰ ਦੇਸ਼ ਨੂੰ ਦਰਪੇਸ਼ ਭਵਿੱਖੀ ਚੁਣੌਤੀਆਂ ਨੂੰ ਧਿਆਨ ’ਚ ਰੱਖ ਕੇ ਭਾਰਤੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਸਬੰਧੀ ਰਣਨੀਤੀਆਂ ਅਤੇ ਨੀਤੀਆਂ ’ਤੇ ਚਰਚਾ ਵੀ ਕਰਨਗੇ। ਇਸ ਸੰਮੇਲਨ ’ਚ ਭਾਰਤੀ ਹਵਾਈ ਸੈਨਾ ਦੀਆਂ ਸਾਰੀਆਂ ਕਮਾਨਾਂ ਦੇ ਮੁਖੀ, ਸਾਰੇ ਮੁੱਖ ਸਟਾਫ਼ ਅਧਿਕਾਰੀ ਅਤੇ ਦਿੱਲੀ ’ਚ ਹਵਾਈ ਸੈਨਾ ਦੇ ਹੈਡਕੁਆਰਟਰ ’ਚ ਤਾਇਨਾਤ ਸਾਰੇ ਡਾਇਰੈਕਟਰ ਜਨਰਲ ਹਿੱਸਾ ਲੈ ਰਹੇ ਹਨ। -ਆਈਏਐੱਨਐੱਸ
ਭਾਰਤ ਕਿਸੇ ਦੇ ਦਬਾਅ ਹੇਠ ਨਹੀਂ ਆਵੇਗਾ: ਰਾਵਤ
ਨਵੀਂ ਦਿੱਲੀ: ਰੱਖਿਆ ਸਟਾਫ ਦੇ ਮੁਖੀ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਜ ਪੂਰਬੀ ਲੱਦਾਖ ’ਚ ਚੀਨ ਨਾਲ ਹੋਏ ਵਿਵਾਦ ਸਬੰਧੀ ਕਿਹਾ ਕਿ ਭਾਰਤ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਹੈ ਅਤੇ ਭਾਰਤ ਨੇ ਸਾਬਤ ਕੀਤਾ ਹੈ ਕਿ ਉਹ ਕਿਸੇ ਦੇ ਵੀ ਦਬਾਅ ਹੇਠ ਨਹੀਂ ਆਵੇਗਾ। ਉਨ੍ਹਾਂ ਇੱਥੇ ਰਾਇਸੀਨਾ ਵਾਰਤਾ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਚੀਨ ਨੂੰ ਇਹ ਲੱਗਦਾ ਹੈ ਕਿ ਉਹ ਧੱਕਾ ਕਰਕੇ ਕਿਸੇ ਵੀ ਮੁਲਕ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਸਕਦਾ ਹੈ। ਉਨ੍ਹਾਂ ਕਿਹਾ, ‘ਪਰ ਮੈਨੂੰ ਲੱਗਦਾ ਹੈ ਕਿ ਭਾਰਤ ਉੱਤਰੀ ਸਰਹੱਦ ’ਤੇ ਚੀਨ ਖ਼ਿਲਾਫ਼ ਡੱਟ ਕੇ ਖੜ੍ਹਾ ਰਿਹਾ ਤੇ ਅਸੀਂ ਸਾਬਤ ਕਰ ਦਿੱਤਾ ਕਿ ਸਾਨੂੰ ਦਬਾਇਆ ਨਹੀਂ ਜਾ ਸਕਦਾ।’ -ਪੀਟੀਆਈ