ਨਵੀਂ ਦਿੱਲੀ, 3 ਅਕਤੂਬਰ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਫੋਰੈਂਸਿਕ ਵਿਭਾਗ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦਿੱਤੀ ਆਪਣੀ ਰਿਪੋਰਟ ਵਿੱਚ “ਸੰਕੇਤ” ਦਿੱਤਾ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਤਲ ਨਹੀਂ ਬਲਕਿ ਖੁਦਕੁਸ਼ੀ ਸੀ।
ਡਾ. ਸੁਧੀਰ ਗੁਪਤਾ ਦੇ ਅਧੀਨ ਏਮਜ਼ ਫੋਰੈਂਸਿਕ ਪੈਨਲ ਅਗਸਤ ਵਿੱਚ ਸੀਬੀਆਈ ਦੀ ਬੇਨਤੀ ‘ਤੇ ਕਾਇਮ ਕੀਤਾ ਗਿਆ ਸੀ ਤਾਂ ਜੋ ਮਰਹੂਮ ਅਦਾਕਾਰ ਦੀ ਮੌਤ ਦੇ ਸਬੰਧ ਵਿੱਚ ਡਾਕਟਰੀ-ਕਾਨੂੰਨੀ ਰਾਏ ਦੇਣ ਵਿੱਚ ਸਹਾਇਤਾ ਕੀਤੀ ਜਾ ਸਕੇ। ਏਮਜ਼ ਦੇ ਸੂਤਰਾਂ ਅਨੁਸਾਰ ਫੋਰੈਂਸਿਕ ਟੀਮ ਨੇ ਆਪਣੀ ਰਿਪੋਰਟ ਵਿੱਚ ਸੰਕੇਤ ਦਿੱਤਾ ਹੈ ਕਿ ਸੁਸ਼ਾਂਤ ਦੀ ਮੌਤ ਨੂੰ ਖ਼ੁਦਕੁਸ਼ੀ ਸੀ। ਇਸ ਤਰ੍ਹਾਂ ਅਭਿਨੇਤਾ ਦੇ ਪਰਿਵਾਰ ਅਤੇ ਉਸ ਦੇ ਵਕੀਲ ਦੁਆਰਾ ਕੀਤੇ ਗਏ ‘ਜ਼ਹਿਰੀ ਦੇਣ’ ਅਤੇ ‘ਗਲਾ ਘੁੱਟਣ’ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਏਮਜ਼ ਦੇ ਡਾਕਟਰਾਂ ਨੇ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮਾਮਲਾ ਅਦਾਲਤ ਵਿੱਚ ਹੈ।