ਚੇਨੱਈ, 7 ਫਰਵਰੀ
ਪਾਰਟੀ ਵਿੱਚੋਂ ਕੱਢੀ ਗਈ ਨੇਤਾ ਸ਼ਸ਼ੀਕਲਾ ਦੀ 8 ਫਰਵਰੀ ਨੂੰ ਕਰਨਾਟਕ ਤੋਂ ਤਾਮਿਲ ਨਾਡੂ ਵਾਪਸੀ ਤੋਂ ਪਹਿਲਾਂ ਅੰਨਾਡੀਐੱਮਕੇ ਨੇ ਉਸ ਦੇ ਧੜੇ ਖ਼ਿਲਾਫ਼ ਹਿੰਸਾ ਭੜਕਾਉਣ ਦੀ ਕਥਿਤ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਨੇ ਪੁਲੀਸ ਤੋਂ ਸੂਬੇ ’ਚ ਸ਼ਾਂਤੀ ਯਕੀਨੀ ਬਣਾਈ ਰੱਖਣ ਦੀ ਮੰਗ ਵੀ ਕੀਤੀ। ਭ੍ਰਿਸ਼ਟਾਚਾਰ ਦੇ ਇੱਕ ਕੇਸ ’ਚ ਸਜ਼ਾ ਪੂਰੀ ਕਰ ਚੁੱਕੀ ਸ਼ਸ਼ੀਕਲਾ ਕਰੋਨਾ ਲਾਗ ਤੋਂ ਉੱਭਰਨ ਮਗਰੋਂ ਬੰਗਲੂਰੂ ਵਿੱਚ ਹੈ, ਜਿਥੋਂ ਉੁਸ ਨੇ 8 ਫਰਵਰੀ ਨੂੰ ਤਾਮਿਲ ਨਾਡੂ ਪਰਤਣਾ ਹੈ।
ਦੂੂਜੇ ਪਾਸੇ ਏਐੱਮਐੱਮਕੇ ਦੇ ਮੁਖੀ ਤੇ ਸ਼ਸ਼ੀਕਲਾ ਦੇ ਭਤੀਜੇ ਦਿਨਾਕਰਨ ਨੇ ਕਥਿਤ ਸਾਜ਼ਿਸ਼ ਦੇ ਦੋਸ਼ਾਂ ਨੂੰ ਮਾਣਹਾਨੀ ਵਾਲੇ ’ਤੇ ਝੂਠੇ ਕਰਾਰ ਦਿੱਤਾ ਹੈ।
ਕਾਨੂੰਨ ਮੰਤਰੀ ਸੀ.ਵੀ. ਸ਼ਾਨਮੁਗਮ ਨੇ ਕਿਹਾ ਸ਼ਿਕਾਇਤ ’ਚ ਪੁਲੀਸ ਤੋਂ ਮੰਗ ਕੀਤੀ ਗਈ ਹੈ ਕਿ ਹਿੰਸਾ ਦੇ ਕਥਿਤ ਦੇ ਖ਼ਤਰੇ ਦੇ ਚੱਲਦਿਆਂ ਸ਼ਸ਼ੀਕਲਾ ਅਤੇ ਦਿਨਾਕਰਨ ਕੋਲੋਂ ਤਾਮਿਲ ਨਾਡੂ ਦੇ ਲੋਕਾਂ ਦੀਆਂ ਜਾਨਾਂ ਅਤੇ ਜਾਇਦਾਦ ਨੂੰ ਬਚਾਇਆ ਜਾਵੇ ਤੇ ਸ਼ਾਂਤੀ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ। ਸੀਨੀਅਰ ਆਗੂ ਏ. ਮਧੂਸੂੂਦਨ ਤੇ ਸ਼ਾਨਮੁਗਮ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ (ਏਐੱਮਐੱਮਕੇ) ਵੱਲੋਂ ਅੰਨਾਡੀਐੱਮਕੇ ਦਾ ਨਾਂ ਅਤੇ ਝੰਡਾ ਵਰਤ ਕੇ ਹਿੰਸਾ ਫੈਲਾਈ ਜਾ ਸਕਦੀ ਹੈ ਤੇ ਇਸ ਦਾ ਦੋਸ਼ ਸੱਤਾਧਾਰੀ ਪਾਰਟੀ ਸਿਰ ਮੜ੍ਹਿਆ ਜਾ ਸਕਦਾ ਹੈ। ਇਸੇ ਦੌਰਾਨ ਇੱਕ ਬਿਆਨ ’ਚ ਏਐੱਮਐੱਮਕੇ ਦੇ ਨੇਤਾ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਤਾਮਿਲ ਨਾਡੂ ’ਚ ਕਈ ਥਾਂਵਾਂ ’ਤੇ ਸ਼ਸ਼ੀਕਲਾ ਦੇ ਸਵਾਗਤ ਲਈ ਪਾਰਟੀ ਦੀ ਯੋਜਨਾ ਨੂੰ ਪੁਲੀਸ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ