ਕੋਹਿਮਾ, 4 ਸਤੰਬਰ
ਪੂਰਬੀ ਨਾਗਾਲੈਂਡ ’ਚ ਵੱਖਰੇ ਸੂਬੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖ਼ਿੱਤੇ ਦੇ 20 ਵਿਧਾਇਕਾਂ ਨੇ ਉਸ ਸੱਦੇ ਨੂੰ ਹਮਾਇਤ ਦਿੱਤੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਨੂੰ ਬੂਰ ਨਹੀਂ ਪੈ ਜਾਂਦਾ, ਉਹ ਕਿਸੇ ਵੀ ਚੋਣ ’ਚ ਹਿੱਸਾ ਨਹੀਂ ਲੈਣਗੇ। ਪੂਰਬੀ ਨਾਗਾਲੈਂਡ ’ਚ ਛੇ ਜ਼ਿਲ੍ਹੇ ਮੋਨ, ਤਿਉਨਸੈਂਗ, ਕਿਫਿਰੇ, ਲੌਂਗਲੇਂਗ, ਨੋਕਲਾਕ ਅਤੇ ਸ਼ਾਮਾਤੋਰ ਪੈਂਦੇ ਹਨ ਜਿਨ੍ਹਾਂ ’ਚ ਚਾਂਗ, ਖਿਆਮਨੀਉਂਗਨ, ਕੋਨਯਾਕ, ਫੋਮ, ਸੰਗਤਮ, ਤਿਖਿਰ ਅਤੇ ਯਿਮਖਿਉਂਗ ਕਬਾਇਲੀ ਵਸਦੇ ਹਨ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ ਨੇ ਦੀਮਾਪੁਰ ’ਚ 26 ਅਗਸਤ ਨੂੰ ਸਿਆਸਤਦਾਨਾਂ, ਕਬਾਇਲੀ ਜਥੇਬੰਦੀਆਂ ਅਤੇ ਹੋਰਾਂ ਨਾਲ ਮੀਟਿੰਗ ਕਰਕੇ ਫ਼ੈਸਲਾ ਲਿਆ ਸੀ ਕਿ ਜਦੋਂ ਤੱਕ ਵੱਖਰੇ ਸੂਬੇ ‘ਫਰੰਟੀਅਰ ਨਾਗਾਲੈਂਡ’ ਦੀ ਮੰਗ ਪੂਰੀ ਨਹੀਂ ਹੋ ਜਾਂਦੀ, ਉਹ ਕਿਸੇ ਵੀ ਚੋਣ ’ਚ ਸ਼ਮੂਲੀਅਤ ਨਹੀਂ ਕਰਨਗੇ। -ਪੀਟੀਆਈ