ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਫਰਵਰੀ
ਟਿਕਰੀ ਬਾਡਰ ’ਤੇ ਬੀਕੇਯੂ (ਏਕਤਾ ਉਗਰਾਹਾਂ) ਦੀ ਸਟੇਜ ’ਤੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਅੱਤਲ ਕਰ ਦੇਣ ਦੀ ਤਜਵੀਜ਼ ਭੇਜਣਾ ਕਿਸਾਨ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਰੁੱਧ ਪਹਿਲਾਂ ਤਾਂ ਮੋਦੀ ਸਰਕਾਰ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਪਰ ਕਿਸਾਨ ਸੰਘਰਸ਼ ਦੇ ਦਬਾਅ ਹੇਠ ਪਹਿਲਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਦੀ ਗੱਲ ਕਹੀ ਗਈ ਅਤੇ ਹੁਣ ਡੇਢ ਸਾਲ ਤੱਕ ਕਾਨੂੰਨ ਮੁਲਤਵੀ ਕਰਨ ਦੀ ਤਜਵੀਜ਼ ਕਿਸਾਨ ਸੰਘਰਸ਼ ਦੀ ਇੱਕ ਹੋਰ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਰੱਦ ਕਰਨੇ ਹੀ ਪੈਣਗੇ। ਇਸੇ ਦੌਰਾਨ ਆਦਿਵਾਸੀ ਕਿਸਾਨਾਂ ਨੇ ਲੋਕ ਨਾਇਕ ਬਿਰਸਾ ਮੁੰਡਾ ਦਾ ਕੱਟ-ਆਊਟ ਅੱਜ ਜੋਗਿੰਦਰ ਸਿੰਘ ਉਗਰਾਹਾਂ ਨੂੰ ਭੇਂਟ ਕੀਤਾ। ਝਾਰਖੰਡ ਤੋਂ ਕਿਸਾਨ ਆਗੂ ਬਾਬੂਨਾਗ, ਆਕਾਸ਼, ਗੀਤਾ ਮੁੰਡੀ ਤੇ ਹੋਰ ਅੱਜ ਮੋਰਚੇ ਵਿਚ ਪੁੱਜੇ ਤੇ ਆਦਿਵਾਸੀ ਕਿਸਾਨਾਂ ਵੱਲੋਂ ਪੰਜਾਬੀ ਤੇ ਹੋਰ ਕਿਸਾਨਾਂ ਨਾਲ ਸਾਂਝ ਦਾ ਪ੍ਰਗਟਾਵਾ ਕੀਤਾ।