ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਦਸੰਬਰ
ਦਿੱਲੀ ਦੇ ਵਿਗਿਆਨ ਭਵਨ ਵਿਚ ਅੱਜ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦਰਮਿਆਨ ਹੋਈ ਸੱਤਵੇਂ ਗੇੜ ਦੀ ਬੈਠਕ ਵਿਚ ਕਿਸਾਨਾਂ ਨੂੰ ਕਰੀਬ ਅੱਧੀ ਸਫ਼ਲਤਾ ਮਿਲ ਗਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਦੋ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਵਿੱਚ ਬਿੱਜਲੀ ਬਿੱਲ-2020 ਨੂੰ ਵਾਪਸ ਲੈਣਾ ਤੇ ਪਰਾਲੀ ਬਾਰੇ ਐਕਟ ਵਿੱਚ ਸੋਧ ਕਰਨਾ ਸ਼ਾਮਲ ਹੈ। ਸੰਯੁਕਤ ਕਿਸਾਨ ਮੋਰਚੇ ਤਹਿਤ 41 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਨਾਲ ਹੋਈ ਬੈਠਕ ਵਿਚ ਹਿੱਸਾ ਲਿਆ।
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪੰਜ ਘੰਟੇ ਚੱਲੀ ਬੈਠਕ ਮਗਰੋਂ ਦੱਸਿਆ ਕਿ ਅੱਜ ਕਿਸਾਨਾਂ ਨਾਲ ਦੋ ਮੰਗਾਂ- ਬਿਜਲੀ ਬਿੱਲ ਤੇ ਪਰਾਲੀ ਐਕਟ ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮਐੱਸਪੀ ਗਰੰਟੀ ਕਾਨੂੰਨ ਬਾਰੇ ਅਗਲੀ ਚਰਚਾ ਲਈ ਚਾਰ ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨਾਲ ਮੁੜ ਗੱਲਬਾਤ ਕਰੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਅੱਜ ਦੀ ਗੱਲਬਾਤ ਲਈ ਆਪਣੇ ਏਜੰਡੇ ਵਿਚ ਚਾਰ ਗੱਲਾਂ ਰੱਖੀਆਂ ਸਨ। ਤੋਮਰ ਨੇ ਜਥੇਬੰਦੀਆਂ ਦੀ ਰੋਸ ਧਰਨਿਆਂ ਦੌਰਾਨ ਸ਼ਾਂਤੀ ਬਣਾਏ ਰੱਖਣ ਤੇ ਅਨੁਸ਼ਾਸਨ ਕਾਇਮ ਰੱਖਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨ ਆਗੂ ਕਾਨੂੰਨ ਵਾਪਸ ਲੈਣ ਦੀ ਮੰਗ ਉਤੇ ਜ਼ੋਰ ਦੇ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੇ ਲਾਭਾਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਐਮਐੱਸਪੀ ਲਈ ਲਿਖਤੀ ਗਰੰਟੀ ਦੇਣ ਲਈ ਤਿਆਰ ਹੈ। ਬੈਠਕ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਹਾਜ਼ਰ ਸਨ। ਮੰਤਰੀ ਮੁਤਾਬਕ ਬੈਠਕ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਤੇ ਦੋਵਾਂ ਧਿਰਾਂ ਨੇ ਲੰਗਰ ਵੀ ਛਕਿਆ। ਮੀਟਿੰਗ ਦੇ ਅਖ਼ੀਰ ਵਿਚ ਕਿਸਾਨਾਂ ਨੇ ਸਰਕਾਰੀ ਧਿਰ ਵੱਲੋਂ ਪੇਸ਼ ਚਾਹ ਵੀ ਪੀਤੀ। ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਉਹ ਕਿਸਾਨ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਠੰਢ ਦੇ ਮੱਦੇਨਜ਼ਰ ਅੰਦੋਲਨ ਵਿੱਚ ਸ਼ਾਮਲ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਵਾਪਸ ਭੇਜਣ ਦਾ ਉਪਰਾਲਾ ਕੀਤਾ ਜਾਵੇ।
‘ਸਰਕਾਰ ਨੇ ਗੱਲਬਾਤ ’ਚ ਹਾਂ-ਪੱਖੀ ਰੁਖ਼ ਅਪਣਾਇਆ’
ਕਿਸਾਨ ਆਗੂ ਜਗਮੋਹਨ ਸਿੰਘ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਿਸਾਨਾਂ ਦੀ ਅੱਧੀ ਜਿੱਤ ਹੈ ਤੇ ਕੇਦਰ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ ਹੈ। ਹੁਣ ਬਿਜਲੀ ਬਿੱਲ-2020 ਤੇ ਪ੍ਰਦੂਸ਼ਣ ਬਾਰੇ ਇਕ ਕਰੋੜ ਰੁਪਏ ਦਾ ਜੁਰਮਾਨੇ ਤੇ ਪੰਜ ਸਾਲ ਦੀ ਸਜ਼ਾ ਵਾਲਾ ਆਰਡੀਨੈਂਸ ਵਾਪਸ ਹੋਵੇਗਾ। ਗੱਲਬਾਤ ਦੌਰਾਨ ਜਥੇਬੰਦੀਆਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਤੇ ਫ਼ਸਲਾਂ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਾਲ ਕਰਨ ਦੀ ਮੰਗ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 4 ਜਨਵਰੀ 2020 ਨੂੰ ਇਨ੍ਹਾਂ ਰਹਿੰੰਦੀਆਂ ਮੰਗਾਂ ਉਤੇ ਗੱਲਬਾਤ ਹੋੋਵੇਗੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਹਾਂ-ਪੱਖੀ ਰੁਖ਼ ਅਪਣਾਇਆ ਹੈ। ਇਸ ਲਈ 31 ਦਸੰਬਰ ਦਾ ਟਰੈਕਟਰ ਮਾਰਚ ਚਾਰ ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਾਂਤਮਈ ਅੰਦੋਲਨ ਸਾਰੀਆਂ ਮੰਗਾਂ ਮੰਨਣ ਤੱਕ ਜਾਰੀ ਰਹੇਗਾ।
ਸਿੰਘੂ ਹੱਦ ’ਤੇ ਕਿਸਾਨਾਂ ਲਈ ਪੰਜ ਵਾਈਫਾਈ ਹੌਟਸਪੌਟ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅੱਜ ਸਿੰਘੂ ਬਾਰਡਰ ਦਾ ਦੌਰਾ ਕੀਤਾ ਅਤੇ ਖ਼ੁਦ ਕੋਲ ਖੜ੍ਹੇ ਹੋ ਕੇ ਕਿਸਾਨਾਂ ਦੀ ਸਹੂਲਤ ਲਈ 5 ਮੁਫ਼ਤ ਵਾਈਫਾਈ ਹੌਟਸਪੌਟ ਲਗਵਾਏ। ਉਨ੍ਹਾਂ ਨੇ ਵਾਈਫਾਈ ਦੇ ਸਹੀ ਤਰ੍ਹਾਂ ਕੰਮ ਕਰਨ ਦੀ ਵੀ ਜਾਂਚ ਕੀਤੀ। ਮੰਗਲਵਾਰ ਨੂੰ ਰਾਘਵ ਚੱਢਾ ਨੇ ਕਿਸਾਨਾਂ ਲਈ ਸੇਵਾਦਾਰ ਅਰਵਿੰਦ ਕੇਜਰੀਵਾਲ ਵੱਲੋਂ ਸਿੰਘੂ ਬਾਰਡਰ ਉੱਤੇ ਮੁਫ਼ਤ ਵਾਈਫਾਈ ਦੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਸਿੰਘੂ ਹੱਦ ’ਤੇ ਵਾਈਫਾਈ ਹੌਟਸਪੌਟ ਲਗਾਉਣ ਦਾ ਫ਼ੈਸਲਾ ਕਿਸਾਨਾਂ ਵੱਲੋਂ ਸਿੰਘੂ ਹੱਦ ’ਤੇ ਕਮਜ਼ੋਰ ਨੈੱਟਵਰਕ ਦੀ ਸ਼ਿਕਾਇਤ ਕਰਨ ਮਗਰੋਂ ਲਿਆ ਗਿਆ ਹੈ। ਸ੍ਰੀ ਚੱਢਾ ਨੇ ਕਿਹਾ, ‘ਸਾਨੂੰ ਸਿੰਘੂ ਹੱਦ ’ਤੇ ਕਮਜ਼ੋਰ ਨੈੱਟਵਰਕ ਤੇ ਖਰਾਬ ਕੁਨੈਕਟੀਵਿਟੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।’ ਚੱਢਾ ਨੇ ਕਿਸਾਨਾਂ ਦੀ ਸਹੂਲਤ ਲਈ ਖ਼ੁਦ ਜਾ ਕੇ 5 ਵਾਈਫਾਈ ਹੌਟਸਪੌਟ ਲਗਵਾਏ ਅਤੇ ਵਾਈਫਾਈ ਦੇ ਸਹੀ ਤਰ੍ਹਾਂ ਕੰਮ ਕਰਨ ਦੀ ਵੀ ਜਾਂਚ ਕੀਤੀ। ਇਕ ਹੌਟਸਪੌਟ ਨਾਲ ਕਰੀਬ 31 ਹਜ਼ਾਰ ਵਰਗ ਮੀਟਰ ਖੇਤਰ ਕਵਰ ਹੋਵੇਗਾ।