ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਕਿਸਾਨ ਜਥੇਬੰਦੀਆਂ ਦੇ ‘ਭਾਰਤ ਬੰਦ’ ਦੇ ਸੱਦੇ ਦਾ ਨੋਇਡਾ ਦੀਆਂ ਕਾਰੋਬਾਰੀ ਗਤੀਵਿਧੀਆਂ ਤੇ ਵਪਾਰ ’ਤੇ ਘੱਟ ਪ੍ਰਭਾਵ ਪਿਆ। ਗੌਤਮ ਬੁੱਧ ਨਗਰ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕਰ ਰੱਖੇ ਸਨ ਤੇ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਕਿਸਾਨ ਤੇ ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ ਤੇ ਭਾਨੂ ਧੜਿਆਂ ਨਾਲ ਜੁੜੇ ਕਿਸਾਨ 1 ਦਸੰਬਰ ਤੋਂ ਕ੍ਰਮਵਾਰ ਦਲਿਤ ਪ੍ਰੇਰਨਾ ਸਥਾਨ ਤੇ ਚਿੱਲਾ ਸਰਹੱਦ ’ਤੇ ਡੇਰਾ ਲਗਾ ਰਹੇ ਹਨ। ਭਾਕਿਯੂ ਭਾਨੂ ਦੀ ਗੌਤਮ ਬੁੱਧ ਨਗਰ ਇਕਾਈ ਦੇ ਪ੍ਰਧਾਨ ਰਾਜੀਵ ਨਗਰ ਨੇ ਦੱਸਿਆ, “ਅਸੀਂ ਇੱਥੇ ਬੈਠੇ ਹਾਂ ਤੇ ਅਸੀਂ ਮੰਗਾਂ ਪ੍ਰਵਾਨ ਨਾ ਹੋਣ ਤੱਕ ਪ੍ਰਦਰਸ਼ਨ ਕਰਾਂਗੇ।” ਇੱਥੇ ਪ੍ਰਦਰਸ਼ਨਕਾਰੀ ਜੋ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਾਜਧਾਨੀ ਵੱਲ ਵਧਣਾ ਚਾਹੁੰਦੇ ਹਨ। ਮਾਰਕੀਟ ਦੇ ਨੁਮਾਇੰਦਿਆਂ ਤੇ ਪੁਲੀਸ ਅਧਿਕਾਰੀਆਂ ਅਨੁਸਾਰ ‘ਭਾਰਤ ਬੰਦ’ ਦੇ ਸੱਦੇ ਦਾ ਨੋਇਡਾ ਤੇ ਗ੍ਰੇਟਰ ਨੋਇਡਾ ਦੇ ਵਪਾਰ ਤੇ ਰੋਜ਼ਾਨਾ ਦੇ ਕਾਰੋਬਾਰਾਂ ’ਤੇ ਬਹੁਤ ਘੱਟ ਅਸਰ ਪਿਆ।