ਜੈਪੁਰ, 19 ਫਰਵਰੀ
ਕਾਂਗਰਸ ਆਗੂ ਤੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਵੱਡਾ ਸੰਕਟ ਦਸਦਿਆਂ ਅੱਜ ਕਿਹਾ ਕਿ ਇਹ ਕਾਨੂੰਨ ਨਾ ਸਿਰਫ਼ ਕਿਸਾਨ ਵਿਰੋਧੀ ਹਨ ਬਲਕਿ ਮੱਧ ਵਰਗ ਤੇ ਨੌਜਵਾਨ ਵਿਰੋਧੀ ਵੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਨਾ ਹੋਣ ਤੱਕ ਕਾਂਗਰਸ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਜਾਰੀ ਰਹੇਗੀ। ਸਚਿਨ ਪਾਇਲਟ ਚਾਕਸੂ ਨੇੜੇ ਕੋਟਖਾਵਦਾ ’ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਕਿਸਾਨਾਂ ਦਾ ਸੰਕਟ ਬਹੁਤ ਵੱਡਾ ਹੈ। ਸਾਨੂੰ ਸਾਰਿਆਂ ਨੂੰ ਸਮਝਣਾ ਪਵੇਗਾ ਕਿ ਇਹ ਤਿੰਨੋਂ ਖੇਤੀ ਕਾਨੂੰਨ ਨਾ ਸਿਰਫ਼ ਕਿਸਾਨ ਵਿਰੋਧੀ ਹਨ ਬਲਕਿ ਮੱਧ ਵਰਗ ਤੇ ਨੌਜਵਾਨਾਂ ਦੇ ਵਿਰੋਧੀ ਵੀ ਹਨ।’
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ’ਚ ਅੱਜ ਉਨ੍ਹਾਂ ਕਿਸਾਨਾਂ ਦੀ ਸੁਣਨ ਵਾਲਾ ਕੋਈ ਨਹੀਂ ਜੋ ਤਕਰੀਬਨ ਦੋ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਰਾਜਸਥਾਨ ਹੀ ਨਹੀਂ ਬਲਕਿ ਪੂਰਾ ਦੇਸ਼ ਇਨ੍ਹਾਂ ਤਿੰਨ ਕਾਨੂੰਨਾਂ ਖ਼ਿਲਾਫ਼ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਕਿਸਾਨਾਂ ਦਾ ਭਵਿੱਖ ਹਨੇਰੇ ’ਚ ਧੱਕਣ ਵਾਲੇ ਇਹ ਕਾਨੂੰਨ ਬਿਨਾਂ ਕਿਸੇ ਚਰਚਾ ਦੇ ਲਿਆਈ ਹੈ ਅਤੇ ਉਸ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ।’ ਪਾਇਲਟ ਨੇ ਕਿਹਾ, ‘ਲੋਕਤੰਤਰ ’ਚ ਸਭ ਤੋਂ ਵੱਡੀ ਤਾਕਤ ਜਨਤਾ ਹੈ। ਰਾਜਸਥਾਨ ਸਮੇਤ ਪੂਰੇ ਦੇਸ਼ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਨੂੰ ਹਮਦਰਦੀ ਨਹੀਂ ਬਲਕਿ ਸਹਿਯੋਗ ਚਾਹੀਦਾ ਹੈ। ਕਿਸਾਨ ਭੀਖ ਨਹੀਂ, ਆਪਣਾ ਹੱਕ ਮੰਗ ਰਿਹਾ ਹੈ। ਸਾਡੀ ਪਾਰਟੀ ਨੇ ਅਹਿਦ ਲਿਆ ਹੈ ਕਿ ਗਾਂਧੀਵਾਦੀ ਢੰਗ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ।’ -ਪੀਟੀਆਈ